ਸਾਵਧਾਨ…!! ਕਿਧਰੇ ਜਾਨਲੇਵਾ ਨਾ ਬਣ ਜਾਵੇ ਘਰੇਲੂ ਇਕਾਂਤਵਾਸ

0
171

ਕੋਵਿਡ 19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਬਦਲਿਆ ਹੈ। ਇੱਕ ਨਵੀਂ ਕਿਸਮ ਦਾ ਵਾਇਰਸ ਹੋਣ ਕਰਕੇ ਇਸ ਪ੍ਰਤੀ ਆਮ ਲੋਕਾਂ, ਸਰਕਾਰਾਂ ਅਤੇ ਡਾਕਟਰੀ ਖੋਜਾਰਥੀਆਂ ਦੀਆਂ ਧਾਰਨਾਵਾਂ ਸਮੇਂ ਸਮੇਂ ਤੇ ਬਦਲਦੀਆਂ ਆ ਰਹੀਆਂ ਹਨ। ਸਰਕਾਰਾਂ ਨੂੰ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੲੀ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣੀਆਂ ਪਈਆਂ ਅਤੇ ਸਮੇਂ ਸਮੇਂ ਤੇ ਉਸ ਵਿੱਚ ਬਦਲਾਅ ਕਰਨਾ ਪਿਆ। ਡਾਕਟਰੀ ਖੋਜਾਰਥੀਆਂ ਨੇ ਕੇਸਾਂ ਨਾਲ ਹੋਏ ਤਜਰਬਿਆਂ ਦੇ ਆਧਾਰ ਤੇ ਸਮੇਂ ਸਮੇਂ ਤੇ ਗਾਈਡਲਾਈਨਜ਼ ਵਿੱਚ ਤਬਦੀਲੀਆਂ ਲਿਆਂਦੀਆਂ। ਆਮ ਲੋਕ ਜਿਥੇ ਸ਼ੁਰੂਆਤ ਵਿੱਚ ਇਕਾ ਦੁੱਕਾ ਮਰੀਜ਼ ਆਉਣ ਨਾਲ ਇਸ ਬਿਮਾਰੀ ਤੋਂ ਕਾਫੀ ਡਰਦੇ ਰਹੇ ਉਥੇ ਹੁਣ ਇਨੀਂ ਗਿਣਤੀ ਵਿੱਚ ਮਰੀਜ਼ ਪਾਜ਼ਿਟਿਵ ਆਉਣ ਤੇ ਵੀ ਬੇਖੋਫ ਹਨ। ਬਹੁਤੇ ਲੋਕ ਤਾਂ ਇਸ ਨੂੰ ਬਿਮਾਰੀ ਹੀ ਮੰਨਣ ਤੋਂ ਇਨਕਾਰ ਕਰ ਰਹੇ ਹਨ। ਪਿਛਲੇ ਕੁਝ ਹਫ਼ਤਿਆਂ ਵਿੱਚ ਕਰੋਨਾ ਟੈਸਟਾਂ ਅਤੇ ਹਸਪਤਾਲਾਂ ਵਿੱਚ ਇਕਾਂਤਵਾਸ ਸਬੰਧੀ ਇਨੀਆਂ ਅਫਵਾਹਾਂ ਫੈਲੀਆਂ ਕਿ ਲੋਕ ਟੈਸਟਾਂ ਅਤੇ ਹਸਪਤਾਲਾਂ ਵਿੱਚ ਜਾਣ ਤੋਂ ਡਰਨ ਲੱਗੇ ਹਨ। ਬਹੁਤੇ ਪਿੰਡਾਂ ਨੇ ਤਾਂ ਪਿੰਡਾਂ ਵਿੱਚ ਸੈਪਲਿੰਗ ਟੀਮਾਂ ਨੂੰ ਨਾ ਵੜਨ ਦੇਣ ਅਤੇ  ਪਾਜ਼ਿਟਿਵ ਮਰੀਜ਼ ਨੂੰ ਪਿੰਡ ਵਿੱਚ ਹੀ ਇਕਾਂਤਵਾਸ ਕਰਨ ਦੇ ਮਤੇ ਤੱਕ ਪਾ ਦਿੱਤੇ। ਉਨ੍ਹਾਂ ਦਾ ਤਰਕ ਹੈ ਕਿ ਜਦੋਂ ਕਰੋਨਾ ਦੀ ਕੋਈ ਦਵਾਈ ਨਹੀਂ ਤਾਂ ਮਰੀਜ਼ ਨੂੰ ਹਸਪਤਾਲ ਕਿਉਂ ਲਿਜਾਇਆ ਜਾਂਦਾ ਹੈ।       ਸਰਕਾਰ ਨੇ ਵੀ ਹੁਣ ਕਰੋਨਾ ਪਾਜ਼ਿਟਿਵ ਮਰੀਜ਼ਾਂ ਲਈ ਕੁਝ ਸ਼ਰਤਾਂ ਤਹਿਤ ਘਰੇਲੂ ਇਕਾਂਤਵਾਸ ਦੀ ਛੋਟ ਦਿੱਤੀ ਹੈ। ਪਰ ਇਹ ਛੋਟ ਬਿਨਾਂ ਲੱਛਣਾਂ ਵਾਲੇ ਜਾਂ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਹੀ ਹੈ। ਜੇਕਰ ਮਰੀਜ਼ ਵਿੱਚ ਸਾਹ ਖਿੱਚਣ, ਖਾਂਸੀ, ਜ਼ੁਕਾਮ, ਲਗਾਤਾਰ ਬੁਖਾਰ ਆਦਿ ਲੱਛਣ ਦਿਖਾਈ ਦੇ ਰਹੇ ਹਨ ਜਾਂ ਉਹ ਪਹਿਲਾਂ ਕਿਸੇ ਗਭੀਰ ਬਿਮਾਰੀ ਤੋਂ ਪੀੜਤ ਹੈ ਜਾਂ ਬਜ਼ੁਰਗ ਹੈ ਤਾਂ ਉਸ ਨੂੰ ਹਸਪਤਾਲ ਸਿਫਟ ਹੋਣਾ  ਜ਼ਰੂਰੀ ਹੈ। ਕਿਉਂਕਿ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਘਰ ਵਿੱਚ ਦੇਖਭਾਲ ਨਾਮੁਮਕਿਨ ਹੈ। ਵਿਅਕਤੀ ਟੈਸਟ ਕਰਵਾਉਣ ਸਮੇਂ ਇੱਕ ਘੋਸ਼ਣਾ ਪੱਤਰ ਦੇ ਕੇ ਪਾਜ਼ਿਟਿਵ ਆਉਣ ਦੀ ਸੂਰਤ ਵਿੱਚ ਘਰ ਵਿੱਚ ਹੀ ਇਕਾਂਤਵਾਸ ਹੋ ਸਕਦਾ ਹੈ ਬਸ਼ਰਤੇ ਉਸ ਨੂੰ ਕੋਈ ਲੱਛਣ ਨਾ ਹੋਣ ਜਾਂ ਹਲਕੇ ਲੱਛਣ ਹੀ ਹੋਣ ਇਸ ਤੋਂ ਇਲਾਵਾ ਉਸ ਕੋਲ ਘਰ ਵਿੱਚ ਇੱਕ ਵਖਰਾ ਕਮਰਾ, ਪਲਸ ਓਕਸੀਮੀਟਰ, ਬੀ ਪੀ ਅਪਰੇਟਸ, ਡਿਜੀਟਲ ਥਰਮਾਮੀਟਰ ਤੋਂ ਇਲਾਵਾ ਪੈਰਾਸੀਟਾਮੋਲ, ਵਿਟਾਮਿਨ ਸੀ, ਜ਼ਿੰਕ ਅਤੇ ਮਲਟੀਵਿਟਾਮਿਨ ਦੀਆਂ ਗੋਲੀਆਂ ਉਪਲਬਧ ਹੋਣੀਆਂ ਚਾਹੀਦੀਆਂ ਹਨ। ਮਰੀਜ਼ 17 ਦਿਨ ਲਈ ਇਕਾਂਤਵਾਸ ਰਹੇਗਾ।        ਕੲੀ ਪਿੰਡਾਂ ਨੇ ਭਾਵੇਂ ਘਰੇਲੂ ਇਕਾਂਤਵਾਸ ਲਈ ਮਤੇ ਪਾਏ ਹਨ ਅਤੇ ਵੈਸੇ ਵੀ ਹਰ ਵਿਅਕਤੀ ਖੁਦ ਆਪਣੇ ਘਰ ਵਿੱਚ ਹੀ ਇਕਾਂਤਵਾਸ ਹੋਣਾ ਚਾਹੁੰਦਾ ਹੈ। ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਅਤੇ ਮਰੀਜ਼ ਦੀ ਸਰੀਰਕ ਹਾਲਤ ਜਾਣੇ ਬਿਨਾਂ ਘਰੇਲੂ ਇਕਾਂਤਵਾਸ ਬਾਰੇ ਫੈਸਲਾ ਲੈਣਾ ਸਹੀ ਨਹੀਂ ਰਹੇਗਾ ਅਤੇ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਕਿਉਂਕਿ ਘਰੇਲੂ ਇਕਾਂਤਵਾਸ ਦੌਰਾਨ ਮਰੀਜ਼ ਨੂੰ ਜੇਕਰ ਇੱਕਦਮ ਕੋਈ ਤਕਲੀਫ ਆਉਂਦੀ ਹੈ ਤਾਂ ਮੁਸ਼ਕਿਲ ਪੈਦਾ ਹੋ ਸਕਦੀ ਹੈ ਅਤੇ ਡਾਕਟਰੀ ਸਹਾਇਤਾ ਵਿੱਚ ਦੇਰੀ ਹੋਣ ਕਾਰਨ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਹਸਪਤਾਲ ਵਿੱਚ ਮਰੀਜ਼ ਨੂੰ ਭਾਵੇਂ ਕਰੋਨਾ ਦੀ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਪਰ ਇਸ ਨਾਲ ਹੋਣ ਵਾਲੀਆਂ ਸ਼ਰੀਰਕ ਤਕਲੀਫਾਂ ਨੂੰ ਸਮੇਂ ਸਿਰ ਦੂਰ ਕਰਕੇ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ। 

NO COMMENTS