*ਸਾਰੇ ਜ਼ਿਲ੍ਹਿਆ ਦੇ 115 ਨੌਜਵਾਨ ਲੈ ਰਹੇ ਨੇ ਹਿੱਸਾ, 15 ਦਸੰਬਰ ਤੱਕ ਚੱਲੇਗੀ ਵਰਕਸ਼ਾਪ*

0
10

ਚੰਡੀਗੜ੍ਹ, 12 ਦਸੰਬਰ: (ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਨੌਜਵਾਨਾਂ ਦੇ ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਪੱਧਰ ਨੂੰ ਉੱਚਾ ਚੁੱਕਣ ਲਈ ਰਾਜ ਪੱਧਰੀ ਯੁਵਕ ਸਿਖਲਾਈ ਵਰਕਸ਼ਾਪ (ਲੜਕਿਆਂ ਲਈ) ਦੇ ਪਹਿਲੇ ਪੜਾਅ ਦਾ ਆਗਾਜ਼ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕੀਤਾ ਗਿਆ ਹੈ। ਇਹ ਵਰਕਸ਼ਾਪ 15 ਦਸੰਬਰ ਤੱਕ ਜਾਰੀ ਰਹੇਗੀ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਸੇਧ ਦੇਣ ਦੀ ਹਮੇਸ਼ਾ ਵਕਾਲਤ ਕਰਦੇ ਹਨ।  ਇਸੇ ਮਕਸਦ ਦੀ ਪੂਰਤੀ ਲਈ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਰਪ੍ਰਸਤੀ ਹੇਠ ਨੌਜਵਾਨਾਂ ਨੂੰ ਸਹੀ ਸੇਧ ਦੇਣ, ਕਿੱਤਾ-ਮੁੱਖੀ ਕੋਰਸਾਂ, ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆ ਸਬੰਧੀ ਜਾਣਕਾਰੀ ਦੇਣ ਲਈ ਇਸ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਹੈ। 
ਇਸ ਸਿਖਲਾਈ ਵਰਕਸ਼ਾਪ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ 115 ਨੌਜਵਾਨ ਭਾਗ ਲੈ ਰਹੇ ਹਨ। ਇਸ ਯੁਵਕ ਵਰਕਸ਼ਾਪ ਵਿੱਚ ਰਾਜ ਦੇ ਐਫੀਲੀਏਟ ਯੂਥ ਕਲੱਬਾਂ ਦੇ ਅਹੁਦੇਦਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਇਹ ਨੌਜਵਾਨ ਯੂਥ ਕਲੱਬਾਂ ਰਾਹੀਂ ਪਿੰਡਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।
ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਉੱਘੇ ਵਿਸ਼ਾ-ਮਾਹਿਰ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।  ਇਸ ਵਰਕਸ਼ਾਪ ਦੇ ਉਦਘਾਟਨ ਸਮਾਰੋਹ ਦੌਰਾਨ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਤੇ  ਰੁਪਿੰਦਰ ਕੌਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਦੇ ਅਧਿਕਾਰੀ ਹਾਜ਼ਿਰ ਹੋਏ। ਇਸ ਮੌਕੇ ਸਾਬਕਾ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ ਨੇ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਨੌਜਵਾਨਾਂ ਨਾਲ ਸਾਂਝੀ ਕੀਤੀ। 

NO COMMENTS