*ਸਾਬਕਾ CM ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਪਟੀਸ਼ਨ ਇੱਕ ਵਾਰ ਫ਼ਿਰ ਅਦਾਲਤ ਨੇ ਕੀਤੀ ਰੱਦ*

0
23

ਚੰਡੀਗੜ੍ਹ  04,ਮਈ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਈ ਹੈ। ਜਿਸ ਵਿੱਚ ਮਾਣਯੋਗ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।

ਦਰਅਸਲ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ। ਪੁਲੀਸ ਨੇ ਅੱਜ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਹਨੀ ਦੀ 20 ਅਪ੍ਰੈਲ ਨੂੰ ਅਦਾਲਤ ਵਿਚ ਵਰਚੁਅਲ ਪੇਸ਼ੀ ਹੋਈ ਸੀ। ਅਦਾਲਤ ਨੇ ਹਨੀ ਨੂੰ ਕੋਈ ਰਾਹਤ ਨਾ ਦਿੰਦਿਆਂ ਉਸ ਨੂੰ 4 ਮਈ ਤੱਕ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਗੈਰ-ਕਾਨੂੰਨੀ ਮਾਈਨਿੰਗ ਕਰਕੇ ਪੈਸੇ ਇਕੱਠੇ ਕਰਨ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸ਼ਿਕੰਜੇ ਵਿੱਚ ਫਸੇ ਹਨੀ ਦੀ ਵੀ ਅੱਜ ਮੁੜ ਸੁਣਵਾਈ ਹੋਈ। ਜ਼ਮਾਨਤ ਪਟੀਸ਼ਨ ‘ਤੇ ਪਿਛਲੀ ਸੁਣਵਾਈ 2 ਮਈ ਨੂੰ ਹੋਈ ਸੀ ਪਰ ਕੋਈ ਫੈਸਲਾ ਨਹੀਂ ਹੋਇਆ ਸੀ। ਹਨੀ ਦੀ ਜ਼ਮਾਨਤ ਪਟੀਸ਼ਨ ਉਸ ਦੇ ਵਕੀਲਾਂ ਨੇ 20 ਅਪ੍ਰੈਲ ਨੂੰ ਦਾਇਰ ਕੀਤੀ ਸੀ। ਇਸ ‘ਤੇ ਅਦਾਲਤ ਨੇ ਸੁਣਵਾਈ ਲਈ 27 ਅਪ੍ਰੈਲ ਦੀ ਤਰੀਕ ਤੈਅ ਕੀਤੀ ਸੀ। 
27 ਅਪ੍ਰੈਲ ਨੂੰ ਬਚਾਅ ਪੱਖ ਅਤੇ ਈਡੀ ਦੇ ਵਕੀਲ ਦੀ ਅਦਾਲਤ ‘ਚ ਜ਼ਮਾਨਤ ਸਬੰਧੀ ਬਹਿਸ ਵੀ ਪੂਰੀ ਹੋ ਚੁੱਕੀ ਹੈ ਪਰ ਅਦਾਲਤ ਨੇ ਕੋਈ ਫੈਸਲਾ ਦੇਣ ਦੀ ਬਜਾਏ ਸੁਣਵਾਈ ਲਈ 30 ਅਪ੍ਰੈਲ ਦੀ ਤਰੀਕ ਪਾ ਦਿੱਤੀ ਸੀ। 30 ਅਪ੍ਰੈਲ ਨੂੰ ਵੀ ਦੋਵੇਂ ਵਕੀਲ ਅਦਾਲਤ ‘ਚ ਪੇਸ਼ ਹੋਏ, ਫਿਰ ਵੀ ਕੋਈ ਫੈਸਲਾ ਨਹੀਂ ਆਇਆ ਅਤੇ 2 ਮਈ ਦੀ ਤਰੀਕ ਪਾਈ ਗਈ ਪਰ ਪਿਛਲੀ ਤਰੀਕ ‘ਤੇ ਅਦਾਲਤ ਨੇ ਬਿਨਾਂ ਕੋਈ ਸੁਣਵਾਈ ਕੀਤੇ 4 ਮਈ ਦੀ ਤਰੀਕ ਦੇ ਦਿੱਤੀ ਸੀ।  ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਹਨੀ ਦੇ ਘਰੋਂ ਬਰਾਮਦ 10 ਕਰੋੜ ਬਾਰੇ ਵੱਡਾ ਖੁਲਾਸਾ ਕੀਤਾ ਸੀ। ਈਡੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪੁੱਛਗਿੱਛ ਦੌਰਾਨ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਤੀਜੇ ਨੇ ਮੰਨਿਆ ਸੀ ਕਿ ਉਸ ਨੇ ਪੈਸੇ ਲਏ ਸਨ। ਮਾਈਨਿੰਗ ਵਿਭਾਗ ਵਿੱਚ ਹੀ ਅਫਸਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਲਈ ਮਾਈਨਿੰਗ ਮਾਫੀਆ ਦੇ ਲੋਕਾਂ ਤੋਂ ਇਹ ਰਕਮ ਵਸੂਲੀ ਗਈ ਸੀ।

  ਈਡੀ ਨੇ CM ਤੋਂ ਵੀ ਕੀਤੀ ਸੀ ਪੁੱਛਗਿੱਛ  
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਵੀ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੂੰ ਈਡੀ ਦੇ ਅਧਿਕਾਰੀਆਂ ਨੇ ਸੰਮਨ ਭੇਜ ਕੇ ਤਲਬ ਕੀਤਾ ਸੀ। ਸੰਮਨ ਮਿਲਣ ‘ਤੇ ਚਰਨਜੀਤ ਸਿੰਘ ਚੰਨੀ ਆਪਣੇ ਬਿਆਨ ਦਰਜ ਕਰਵਾਉਣ ਲਈ ਜਲੰਧਰ ਸਥਿਤ ਈਡੀ ਦੇ ਦਫ਼ਤਰ ਪਹੁੰਚੇ ਸਨ। ਚੰਨੀ ਨੂੰ ਈਡੀ ਵੱਲੋਂ ਭੁਪਿੰਦਰ ਸਿੰਘ ਹਨੀ ਨਾਲ ਕੀਤੀਆਂ ਮੁਲਾਕਾਤਾਂ ਬਾਰੇ ਸਵਾਲ ਪੁੱਛੇ ਗਏ ਸਨ। ਇਸ ਤੋਂ ਬਾਅਦ ਚੰਨੀ ਨੇ ਖੁਦ ਟਵੀਟ ਕਰਕੇ ਦੱਸਿਆ ਕਿ ਉਹ ਈਡੀ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

NO COMMENTS