*ਸਾਬਕਾ ਡੀਆਈਜੀ ਵੱਲੋਂ ਬੇਅਦਬੀ ਮਾਮਲੇ ‘ਚ ਅਹਿਮ ਖੁਲਾਸੇ*

0
89

ਚੰਡੀਗੜ੍ਹ 27,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) : ਸਾਬਕਾ ਡੀਆਈਜੀ ਰਣਬੀਰ ਸਿੰਘ ਖਟੜਾ ਵੱਲੋਂ ਪੰਥ ਸਾਹਮਣੇ ਅਹਿਮ ਖੁਲਾਸੇ ਕੀਤੇ ਗਏ।ਦਰਅਸਲ, ਖਟੜਾ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਮੀਟਿੰਗ ‘ਚ ਸ਼ਾਮਲ ਹੋਏ, ਜਿਸ ਦੌਰਾਨ ਬੇਅਦਬੀ ਮਾਮਲੇ ‘ਚ ਪਹਿਲੀ ਵਾਰ ਖੁੱਲ੍ਹ ਕੇ ਖਟੜਾ ਸਾਹਮਣੇ ਆਏ।  
ਖਟੜਾ ਨੇ ਦੱਸਿਆ, ‘ਅਕਾਲ ਤਖ਼ਤ ਸਾਹਿਬ ਵੱਲੋਂ ਮੈਨੂੰ ਸੱਦਾ ਦਿੱਤਾ ਗਿਆ ਸੀ। ਛੇ ਸਾਲ ਤੋਂ ਸੱਦਾ ਪੱਤਰ ਦੀ ਉਡੀਕ ਵਿੱਚ ਸੀ। 30 ਨਵੰਬਰ, 2015 ਨੂੰ ਮੈਨੂੰ ਜਾਂਚ ਸੌਂਪੀ ਗਈ ਸੀ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਸਾਰੀ ਤਫਤੀਸ਼ ਸਿਰੇ ਲਾਈ ਗਈ।”

ਉਨ੍ਹਾਂ ਕਿਹਾ, “ਸਾਢੇ ਤਿੰਨ ਸਾਲ ਬਾਅਦ ਦੋਸ਼ੀਆਂ ਦੀ ਪਛਾਣ ਹੋਈ ਸੀ। ਸਾਰੀਆਂ ਘਟਨਾਵਾਂ ਨੂੰ ਇੱਕੋ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਸਵੇਰੇ ਚਾਰ ਤੋਂ ਪੰਜ ਵਜੇ ਦੇ ਦਰਮਿਆਨ ਘਟਨਾਵਾਂ ਵਾਪਰੀਆਂ ਸੀ। ਲੋਕਾਂ ਵਿੱਚ ਵਖਰੇਵਾਂ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।” ਸਾਬਕਾ ਡੀਆਈਜੀ ਨੇ ਕਿਹਾ,”ਮੈਂ ਸਿਰਫ ਤੇ ਸਿਰਫ ਬੇਅਦਬੀ ਦੀ ਗੱਲ ਕਰ ਰਿਹਾਂ ਹਾਂ।” ਬੇਅਦਬੀ ਕੇਸ ‘ਚ 28 ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ 63 ਨੰਬਰ FIR ‘ਚ ਡੇਰਾ ਮੁਖੀ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਸੀ ਅਤੇ ਸਰੂਪ ਚੋਰੀ ਮਾਮਲੇ ‘ਚ ਵੀ ਡੇਰਾ ਮੁਖੀ ਦਾ ਨਾਂ ਬੋਲਦਾ ਹੈ।

ਰਣਬੀਰ ਸਿੰਘ ਖਟੜਾ ਨੇ ਖੁਲਾਸਾ ਕੀਤਾ ਕਿ ਹੁਣ ਡੇਰਾ ਮੁਖੀ ਮੁਲਜ਼ਮਾਂ ਦੀ ਲਿਸਟ ‘ਚੋਂ ਬਾਹਰ ਹੈ। ਸਾਬਕਾ ਡੀਆਈਜੀ ਮੁਤਾਬਕ ਅਦਾਲਤ ਵਿੱਚ ਬਰਗਾੜੀ ਬੇਅਦਬੀ ਨਾਲ ਸਬੰਧਤ ਐਫਆਈਆਰਜ਼ ਨੰ. 117 ਤੇ 128 ਤਹਿਤ ਪੇਸ਼ ਕੀਤੇ ਤਾਜ਼ਾ ਚਲਾਨਾਂ ਵਿੱਚ ਡੇਰਾ ਮੁਖੀ ਦਾ ਨਾਂਅ ਦਰਜ ਨਹੀਂ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੂਰੀ ਵਿਉਂਤਬੰਦੀ ਨਾਲ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਰਣਬੀਰ ਸਿੰਘ ਖਟੜਾ ਨੇ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਘਟਨਾਵਾਂ ਦੀ ਪੜਤਾਲ ਕਰਨ ਲਈ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕੀਤੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਖਟੜਾ ਦਾ ਪੁੱਤਰ ਸਤਬੀਰ ਸਿੰਘ ਖਟੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਸਰਗਰਮ ਨੇਤਾ ਹੈ। 

NO COMMENTS