*‘ਸਾਂਸ’ ਪ੍ਰੋਗਰਾਮ ਤਹਿਤ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਜਾਂਚ ਸਬੰਧੀ ਪੈਰਾ ਮੈਡੀਕਲ ਸਟਾਫ ਦੀ ਸਿਖਲਾਈ ਹੋਈ*

0
52

ਮਾਨਸਾ 19 ਦਸੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਬੱਚਿਆਂ ਵਿਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਉਨ੍ਹਾਂ ਦੇ ਤੁਰੰਤ ਇਲਾਜ਼ ਲਈ ‘ਸਾਂਸ’ ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਨ ਅਫਸਰ  ਡਾ.ਕੰਵਲਪ੍ਰੀਤ ਕੌਰ ਬਰਾੜ ਦੀ ਅਗਵਾਈ ਵਿਚ ਐਲ.ਐਚ.ਵੀ., ਏ.ਐਨ.ਐਮ,ਆਸ਼ਾ ਦੀ ਸਿਖਲਾਈ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਕਰਵਾਈ ਗਈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੰਵਲਪ੍ਰੀਤ ਬਰਾੜ ਨੇ ਸਾਂਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿਚ ‘ਸਾਂਸ’ (ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਉਟਰੀਲਾਈਜ ਨਿਮੋਨੀਆ ਸਕਸੈਸਫੁਲੀ) ਪ੍ਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਪ੍ਰਭਿਾਵਤ ਬੱਚਿਆਂ ਦਾ ਜਲਦ ਇਲਾਜ ਅਤੇ ਰੋਕਥਾਮ ਕਰਨਾ ਹੈ ਤਾਂ ਜੋ ਨਿਮੋਨੀਆ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ। ਉੁਨ੍ਹਾਂ ਕਿਹਾ ਕਿ ਨਿਮੋਨਿਆਂ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ 5 ਸਾਲ ਤੋ ਘੱਟ ਉਮਰ ਦੇ ਬੱਚਿਆ ਦੀ ਮੌਤ ਦਾ ਸਭ ਤੋ ਵੱਡਾ ਕਾਰਨ ਹੈ। ਇਸ ਲਈ ਬੱਚਿਆਂ ਵਿਚ ਨਿਮੋਨੀਆ ਦੇ ਲੱਛਣ ਹੋਣ ’ਤੇ ਘਰੇਲੂ ਇਲਾਜ਼ ਵਿਚ ਸਮਾਂ ਨਾ ਗਵਾ ਕੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾਂ ਵਿਚ ਸੰਪਰਕ ਕੀਤਾ ਜਾਵੇ।
ਡਾ. ਪ੍ਰਵਿਸ਼ ਜਿੰਦਲ ਬੱਚਿਆਂ ਦੇ ਮਾਹਿਰ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦੇ ਦੁੱਧ ਪਿਲਾਉਣ, ਬੱਚੇ ਨੂੰ ਨਿੱਘਾ ਰੱਖਣ, ਪ੍ਰਦੂਸ਼ਣ ਰਹਿਤ ਆਲਾ ਦੁਆਲਾ, ਨਿੱਜੀ ਸਾਫ਼ ਸਫ਼ਾਈ ਰੱਖਣਾ ਅਤੇ ਪੂਰਾ ਟੀਕਾਕਰਣ ਕਰਵਾਉਣਾ ਜਰੂਰੀ ਹੈ ਇਸ ਲੜੀ ਤਹਿਤ ਪੀ ਸੀ ਵੀ ਟੀਕਾ ਲਗਵਾਉਣਾ ਵੀ ਜ਼ਰੂਰੀ ਹੈ। ਇਸਦੇ ਨਾਲ ਹੀ ਸਮੇਂ ਸਿਰ ਬੱਚੇ ਦੀ ਸਿਹਤ ਦਾ ਨਿਰੀਖਣ ਵੀ ਜ਼ਰੂਰੀ ਹੈ। ਨਿਮੋਨੀਆ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬੱਚਿਆ ਵਿੱਚ ਖਾਂਸੀ ਅਤੇ ਜੁਕਾਮ ਦਾ ਵੱਧਣਾ, ਸਾਹ ਤੇਜੀ ਨਾਲ ਲੈਣਾ, ਸਾਹ ਲੈਣ ਸਮੇਂ ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧਸਣਾ ਅਤੇ ਗੰਭੀਰ ਲੱਛਣ ਜਿਵੇਂ ਬੱਚੇ ਦਾ ਖਾ-ਪੀ ਨਾ ਸਕਣਾ, ਸੁਸਤੀ ਜਾਂ ਨੀਂਦ ਜਿਆਦਾ ਆਉਣਾ ਆਦਿ ਵਾਲੇ ਬੱਚਿਆਂ ਦਾ ਤੁਰੰਤ ਇਲਾਜ਼ ਜਰੂਰੀ ਹੈ।  
ਇਸ ਮੌਕੇ ਸਟੇਟ ਤੋਂ ਸਿਖਲਾਈ ਲੈ ਕੇ ਆਏ ਬੱਚਿਆਂ ਦੇ ਮਾਹਰ ਡਾ. ਪਰਵਰਿਸ਼ ਜਿੰਦਲ ਵੱਲੋਂ ਸਾਂਸ਼ ਪ੍ਰੋਗਰਾਮ ਤਹਿਤ ਐਲ.ਐਚ.ਵੀ.,ਏ.ਐਨ.ਐਮ.ਆਸ਼ਾ ਨੂੰ ਵਿਸਥਾਰ ਵਿੱਚ ਸਿਖਲਾਈ ਦਿੱਤੀ। ਇਸ ਮੌਕੇ ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਵਿਜੇ ਕੁਮਾਰ,ਉਪ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਰਸ਼ਨ ਸਿੰਘ,  ਐਲ,ਐਚ,ਵੀ ਏ.ਐਨ ਐਮ ਅਤੇ ਆਸ਼ਾ ਵਰਕਰ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਰ ਸਨ।  

NO COMMENTS