ਮਾਨਸਾ 06 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ 17ਵੇਂ ਸ਼੍ਰੀ ਮਹਾਂ ਸ਼ਿਵਰਾਤਰੀ ਮਹਾਉਤਸਵ ਸਬੰਧੀ ਝੰਡਾ ਪੂਜਨ ਸਥਾਨਕ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆ ਅਤੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਨਵ ਗ੍ਰਹਿ ਪੂਜਨ,ਝੰਡਾ ਪੂਜਨ ਅਤੇ ਸ਼੍ਰੀ ਸ਼ਿਵ ਅਭਿਸ਼ੇਕ ਸ਼ਾਸਤਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਕਰਵਾਇਆ। ਇਸ ਤੋਂ ਬਾਅਦ ਸ਼੍ਰੀ ਸ਼ਿਵ ਚਾਲੀਸਾ ਅਤੇ ਆਰਤੀ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ 17 ਫਰਵਰੀ 2024 ਤੋਂ 7 ਮਾਰਚ 2024 ਤੱਕ ਸਵੇਰੇ 4:30 ਵਜੇ ਤੋਂ ਪ੍ਰਭਾਤ ਫੇਰੀ ਰੋਜ਼ਾਨਾ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਵੀਰ ਨਗਰ ਤੋਂ ਆਰੰਭ ਹੋਇਆ ਕਰੇਗੀ। ਮਾਨਸਾ ਸ਼ਹਿਰ ਵਿੱਚ ਪਹਿਲੀ ਵਾਰ ਪ੍ਰਭਾਤ ਫ਼ੇਰੀ ਦੀ ਪਾਲਕੀ ਵਿੱਚ ਸੁਸ਼ੋਭਿਤ ਭਗਵਾਨ ਸ਼੍ਰੀ ਸ਼ਿਵ ਜੀ ਦੇ ਸੁੰਦਰ ਸਰੂਪ ਨਾਲ ਆਪਣੇ ਘਰਾਂ ਵਿੱਚ ਬਿਰਾਜਮਾਨ ਸ਼੍ਰੀ ਲੱਡੂ ਗੋਪਾਲ ਜੀ ਦੇ ਦਰਸ਼ਨ ਅਤੇ ਮਿਲਾਪ ਕਰਵਾਓ। ਇਸ ਨਿੱਘੇ ਮਿਲਾਪ ਦੀ ਖੁਸ਼ੀ ਵਿੱਚ ਹਰੇਕ ਸ਼੍ਰੀ ਲੱਡੂ ਗੋਪਾਲ ਜੀ ਨੂੰ ਅਣਮੋਲ ਉਪਹਾਰ ਦਿੱਤਾ ਜਾਵੇਗਾ। ਪ੍ਰਭਾਤ ਫ਼ੇਰੀ ਦੌਰਾਨ 36 ਤੀਰਥ ਸਥਾਨਾਂ ਦਾ ਜਲ ਵਿਤਰਣ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਨਿਵਾਸੀ ਇਸ ਪਵਿੱਤਰ ਜਲ ਨੂੰ ਸ਼੍ਰੀ ਮਹਾਂਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ਤੇ ਅਰਪਣ ਕਰ ਸਕਣ। 8 ਮਾਰਚ 2024 ਦਿਨ ਸ਼ੁੱਕਰਵਾਰ ਨੂੰ ਸ਼੍ਰੀ ਮਹਾਂ ਸ਼ਿਵਰਾਤਰੀ ਵਾਲੇ ਦਿਨ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਮੰਦਰ ਵਿਖੇ ਹਵਨ ਯੱਗ ਜਲ ਅਭਿਸ਼ੇਕ ਅਤੇ ਵਿਸ਼ਾਲ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚ ਕੀਤੀ ਜਾਵੇਗੀ। ਮਿਤੀ 9 ਮਾਰਚ 2024 ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਸ਼੍ਰੀ ਰਾਮ ਨਾਟਕ ਕਲੱਬ ਦੇ ਕੋਲ ਅਨਾਜ਼ ਮੰਡੀ ਵਿੱਚ ਅਤੁੱਟ ਭੰਡਾਰਾ ਅਤੇ ਸਮਰਾਟ ਸ਼੍ਰੀ ਸ਼ਿਵ ਸੰਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਗੁਣਗਾਣ ਕਰਨ ਲਈ ਮਿੱਠੀ ਆਵਾਜ਼ ਦੇ ਮਾਲਕ “ਅਸੀਂ ਉਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾਂ ਦੇ ਨੇੜੇ” ਦੇ ਪ੍ਰਸਿੱਧ ਭਜਨ ਗਾਇਕ ਕੰਠ ਕਲੇਰ ਜੀ ਪਹੁੰਚ ਰਹੇ ਹਨ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਅਤੇ ਸੰਮਤੀ ਦੇ ਮੈਂਬਰ ਹਾਜ਼ਿਰ ਸਨ।