*ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਾਨਸਾ ਵਿਖ਼ੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ*

0
22

ਮਾਨਸਾ, 15 ਨਵੰਬਰ :- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈਆਂ ਦੇ ਸਾਂਝੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਾਨਸਾ ਵਿਖ਼ੇ 

ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਆਸ਼ਾ ਰਾਣੀ ਦੀ ਅਗਵਾਈ ਹੇਠ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ। ਇਸ ਮੌਕੇ ਤੇ ਗ੍ਰੰਥੀ

ਸੁਖਬੀਰ ਸਿੰਘ ਨੇ ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ (1469-1539 ਈ.) ਪੰਜਾਬ ਵਿਚ ਭਗਤੀ ਲਹਿਰ ਦਾ ਉਦਘਾਟਨ ਕਰਨ ਵਾਲੇ ਅਤੇ ਸਿੱਖ ਧਰਮ ਦੇ ਮੋਢੀ ਸਨ । ਉਨ੍ਹਾਂ ਦਾ ਜਨਮ ਬੇਦੀ ਕੁਲ ਵਿੱਚ ਬਾਬੇ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਰਾਇ ਭੋਇ ਭੱਟੀ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਵਿਚ ਹੋਇਆ । ਇਹ ਸਥਾਨ ਹੁਣ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ । ਗੁਰੂ ਜੀ ਨੇ ਮਹਿਸੂਸ ਕੀਤਾ ਕਿ ਸਹਿਜ-ਧਰਮ ਦਾ ਪ੍ਰਚਾਰ ਕਿਸੇ ਇਕ ਥਾਂ ਤੇ ਟਿਕ ਕੇ ਕਰਨ ਦੀ ਥਾਂ ਘੁੰਮ ਫਿਰ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹੋਇਆਂ ਕਰਨਾ ਉਚਿਤ ਹੋਵੇਗਾ । ਇਸ ਪਿਛੋਂ ਗੁਰੂ ਜੀ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਪ੍ਰਚਾਰ ਯਾਤ੍ਰਾਵਾਂ ਅਥਵਾ ਉਦਾਸੀਆਂ ਤੇ ਨਿਕਲ ਪਏ । ਪੂਰਬ, ਪੱਛਮ, ਉੱਤਰ ਅਤੇ ਦੱਖਣ ਚੌਹਾਂ ਦਿਸ਼ਾਵਾਂ ਵਿਚ ਪੈਂਦੇ ਪ੍ਰਸਿੱਧ ਧਰਮ-ਧਾਮਾਂ ਉਤੇ ਗਏ; ਵਿਦਵਾਨਾਂ, ਧਾਰਮਿਕ ਮੁਖੀਆਂ, ਪੁਜਾਰੀਆਂ, ਪੀਰਾਂ, ਫ਼ਕੀਰਾਂ ਨਾਲ ਸੰਵਾਦ ਰਚਾਏ ਅਤੇ ਸਭ ਨੂੰ ਸਹੀ ਧਰਮ ਦਾ ਬੋਧ ਕਰਾ ਕੇ ਆਪਣਾ ਅਨੁਯਾਈ ਬਣਾਇਆ । ਲਗਭਗ 25 ਹਜ਼ਾਰ ਮੀਲ ਦੀਆਂ ਉਦਾਸੀਆਂ ਤੋਂ ਬਾਦ ਸੰਨ 1522 ਈ. (1579 ਬਿ.) ਵਿਚ ਆਪ ਜ਼ਿਲ੍ਹਾ ਗੁਰਦਾਸਪੁਰ ਵਿਚ ਰਾਵੀ ਨਦੀ ਦੇ ਕੰਢੇ ਸੰਨ 1504 ਈ. (1561 ਬਿ.) ਵਿਚ ਵਸਾਏ ਕਰਤਾਰਪੁਰ ਕਸਬੇ ਵਿਚ ਰਹਿਣ ਲਗੇ । ਇਸ ਸਾਲ ਤੋਂ ਇਕ ਪ੍ਰਕਾਰ ਦਾ ਆਪ ਦਾ ਆਸ਼੍ਰਮ -ਜੀਵਨ ਸ਼ੁਰੂ ਹੁੰਦਾ ਹੈ । ਆਪ ਖ਼ੁਦ ਖੇਤੀ ਕਰਦੇ ਅਤੇ ਹੋਰਨਾਂ ਨੂੰ ਮਿਹਨਤ ਕਰਕੇ ਵੰਡ ਖਾਣ ਦਾ ਉਪਦੇਸ਼ ਦਿੰਦੇ ਰਹੇ। ਅੰਤ ਵਿੱਚ ਰਾਗੀ ਜਸਵੀਰ ਸਿੰਘ ਅਤੇ ਤਬਲਾ ਵਾਦਕ ਦਾਤਾਰ ਸਿੰਘ ਨੇ ਗੁਰਬਾਣੀ ਕੀਰਤਨ ਕਰਕੇ ਸਮੂਹ ਸੰਗਤ ਨੂੰ ਨਿਹਾਲ ਕੀਤਾ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। 

ਇਸ ਮੌਕੇ ਤੇ ਨੰਨੇ ਮੁੰਨੇ ਬੱਚਿਆਂ ਤੋਂ ਇਲਾਵਾ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਰੀਆ ਅਰੋੜਾ, ਕੋਆਰਡੀਨੇਟਰ ਅਨੀਸ਼ ਅਰੋੜਾ, ਮਿਊਜਿਕ ਟੀਚਰ ਜਸ਼ਨਦੀਪ ਸਿੰਘ ਅਤੇ ਸਮੂਹ ਸਟਾਫ਼ ਅਤੇ ਸੰਗੀਤ ਸਦਨ ਮਿਊਜਿਕ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਹਾਜਰੀ ਲਗਵਾਈ।

NO COMMENTS