*ਸ਼ੂਗਰ ਦੀ ਬਿਮਾਰੀ ਵਧਣ ਦਾ ਮੁੱਖ ਕਾਰਨ ਜਾਣਕਾਰੀ ਦੀ ਘਾਟ ਹੋਣਾ ਹੈ-ਸਿਵਲ ਸਰਜਨ*

0
158

ਮਾਨਸਾ 14 ਜੂਨ : (ਸਾਰਾ ਯਹਾਂ/ਬਿਊਰੋ ਨਿਊਜ਼)
ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਸ਼ੂਗਰ ਦੀ ਬਿਮਾਰੀ ਪ੍ਰਤੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ੂਗਰ ਇੱਕ ਅਜਿਹੀ ਬਿਮਾਰੀ ਬਣ ਚੁੱਕੀ ਹੈ ਜਿਸ ਨੇ ਲਗਭਗ ਹਰ ਘਰ ਵਿੱਚ ਇੱਕ ਵਿਅਕਤੀ ਆਪਣੀ ਚਪੇਟ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਡਬਲਯੂ.ਐਚ.ਓ. ਅਨੁਸਾਰ ਭਾਰਤ ਵਿੱਚ 14% ਆਬਾਦੀ ਨੂੰ ਸ਼ੂਗਰ ਦੀ ਬਿਮਾਰੀ ਹੈ ਜਦਕਿ 2007 ਤੱਕ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ 7 ਲੱਖ ਸੀ।
ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਇੰਨੀ ਤੇਜ਼ੀ ਨਾਲ ਵਧਣ ਦੇ ਮੁੱਖ ਕਾਰਨ ਜਾਣਕਾਰੀ ਵਿੱਚ ਕਮੀ, ਖਾਣ-ਪਾਣ ਠੀਕ ਨਾ ਹੋਣਾ, ਫਾਸਟ ਫੂਡ ਦੀ ਜ਼ਿਆਦਾ ਵਰਤੋਂ, ਸਰੀਰਕ ਗਤੀਵਿਧੀਆਂ ਵਿੱਚ ਕਮੀ, ਸਮੇਂ ਸਿਰ ਖਾਣਾ ਨਾ ਖਾਣਾ, ਸਮੇਂ ਸਿਰ ਚੈੱਕਅੱਪ ਨਾ ਕਰਵਾਉਣਾ ਆਦਿ ਹਨ।
ਉਨ੍ਹਾਂ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਦੇ ਕਾਰਨ ਦਿਲ ਦਾ ਦੌਰਾ ਪੈਣਾ, ਅੰਨ੍ਹਾਪਣ, ਨਿਗ੍ਹਾ ਦਾ ਕਮਜ਼ੋਰ ਹੋਣਾ, ਗੁਰਦਿਆਂ ਦਾ ਫੇਲ ਹੋਣਾ, ਅਧਰੰਗ, ਸਰੀਰ ਦੇ ਕਿਸੇ ਅੰਗ ਦਾ ਕੰਮ ਨਾ ਕਰਨਾ, ਜਖ਼ਮ ਦਾ ਠੀਕ ਨਾ ਹੋਣਾ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ।  ਇਸ ਤੋਂ ਇਲਾਵਾ ਕਈ ਵਾਰ ਜ਼ਖ਼ਮ ਦੇ ਠੀਕ ਨਾ ਹੋਣ ਕਾਰਨ ਜਖ਼ਮੀ ਅੰਗ ਨੂੰ ਕੱਟਣਾ ਵੀ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਮੌਤ ਦਰ ਵਿੱਚ ਵੀ 3 ਫੀਸਦੀ ਦਾ ਵਾਧਾ ਹੋਇਆ ਹੈ। ਡਬਲਯੂ.ਐਚ.ਓ. ਦੀ ਰਿਪੋਰਟ ਦੇ ਮੁਤਾਬਿਕ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਵਿਕਾਸਸ਼ੀਲ ਦੇਸ਼ਾਂ ਵਿੱਚ ਸ਼ੂਗਰ ਦੇ ਮਰੀਜ਼ਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਤੋਂ ਬਚਣ ਲਈ ਸਾਨੂੰ ਨਿਯਮਤ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ, ਡਾਕਟਰ ਦੀ ਦੱਸੀ ਸਲਾਹ ਅਨੁਸਾਰ ਸਮੇਂ-ਸਮੇਂ ’ਤੇ ਚੈੱਕਅੱਪ ਕਰਾਉਣਾ, ਸਰੀਰਕ ਗਤੀਵਿਧੀਆਂ ਕਰਦੇ ਰਹਿਣਾ, ਤੰਬਾਕੂ ਦਾ ਸੇਵਨ ਨਾ ਕਰਨਾ, ਮੋਟਾਪੇ ਤੋਂ ਬਚਣਾ, ਸਰੀਰ ਦੇ ਵਜਨ ਨੂੰ ਕੰਟਰੋਲ ਕਰਕੇ ਰੱਖਣਾ,  ਇਸ ਤਰ੍ਹਾਂ ਦੀ ਪਰਹੇਜ਼ ਕਰਨ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਖੇ ਸ਼ੂਗਰ ਪ੍ਰਤੀ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਨਿਯਮਿਤ ਰੂਪ ਵਿੱਚ ਮਰੀਜ਼ ਨੂੰ ਸ਼ੂਗਰ ਦੀ ਦਵਾਈ ਦਿੱਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ, ਤਾਂ ਉਹ ਨਿਯਮਿਤ ਰੂਪ ਵਿੱਚ ਡਾਕਟਰ ਕੋਲੋਂ ਸਲਾਹ ਲਵੇ ਅਤੇ ਡਾਕਟਰ ਦੇ ਦੱਸਣ ਅਨੁਸਾਰ ਦਵਾਈ ਦਾ ਸੇਵਨ ਕਰੇ।

NO COMMENTS