*ਸ਼ਿਵ ਸੈਨਾ (ਯੂ.ਬੀ.ਟੀ.) ਨੇ ਟਰੈਫਿਕ ਇੰਚਾਰਜ ਅਮਨ ਕੁਮਾਰ ਸਮੇਤ ਦੋ ਬਹਾਦਰ ਪੁਲੀਸ ਅਧਿਕਾਰੀਆਂ ਨੂੰ ਕੀਤਾ ਸਨਮਾਨਤ*

0
27

ਫਗਵਾੜਾ 29 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਸ਼ਿਵ ਸੈਨਾ (ਯੂ.ਬੀ.ਟੀ.) ਵਲੋਂ ਇੰਸਪੈਕਟਰ ਅਮਨ ਕੁਮਾਰ ਇੰਚਾਰਜ ਪੀ.ਸੀ.ਆਰ. ਅਤੇ ਟਰੈਫਿਕ ਸਮੇਤ ਪੀ.ਸੀ.ਆਰ. ਦੇ ਦੋ ਦੋ ਬਹਾਦਰ ਪੁਲਿਸ ਕਰਮਚਾਰੀਆਂ ਏ.ਐਸ.ਆਈ. ਮਹਿੰਦਰ ਸਿੰਘ ਅਤੇ ਏ.ਐਸ.ਆਈ. ਤੀਰਥ ਸਿੰਘ ਨੂੰ ਅੱਜ ਸਨਮਾਨਿਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਗੱਲਬਾਤ ਦੌਰਾਨ ਸ਼ਿਵ ਸੈਨਾ ਦੇ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ ਨੇ ਦੱਸਿਆ ਕਿ ਪੀ.ਸੀ.ਆਰ. ਦੇ ਉਕਤ ਅਧਿਕਾਰੀਆਂ ਨੇ ਪਿਛਲੇ ਦਿਨੀਂ ਖਤਰੇ ਨਾਲ ਖੇਡਦੇ ਹੋਏ ਕਾਲੇ ਸ਼ੀਸ਼ੇ ਵਾਲੀ ਗੱਡੀ ’ਚ ਸਵਾਰ ਇਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ। ਜਿਸ ਨੇ ਇਕ ਪੁਲਿਸ ਮੁਲਾਜ਼ਮ ’ਤੇ ਹਮਲਾ ਕਰਕੇ ਉਸ ਦੀ ਵਰਦੀ ਪਾੜ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਕਤ ਅਧਿਕਾਰੀਆਂ ਨੇ ਬਹਾਦਰੀ ਨਾਲ ਨੌਜਵਾਨ ਨੂੰ ਕਾਬੂ ਕਰ ਲਿਆ। ਬਾਅਦ ‘ਚ ਉਸ ਕੋਲੋਂ ਇੱਕ ਪਿਸਤੌਲ ਸਮੇਤ ਕਾਰਤੂਸ ਵੀ ਬਰਾਮਦ ਕੀਤੇ ਗਏ। ਕਮਲ ਸਰੋਜ ਦੇ ਨਾਲ ਮੌਜੂਦ ਸ਼ਿਵ ਸੈਨਾ ਦੇ ਸੀਨੀਅਰ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਅਜਿਹੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਮਨੋਬਲ ਉੱਚਾ ਚੁੱਕਣਾ ਹੈ ਜੋ ਆਪਣੀ ਡਿਊਟੀ ਨੂੰ ਸਮਰਪਿਤ ਹਨ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਦੇ ਹਨ ਤਾਂ ਜੋ ਆਮ ਲੋਕ ਸ਼ਾਂਤੀ ਨਾਲ ਰਹਿ ਸਕਣ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨਾ ਸਿਰਫ਼ ਰਾਸ਼ਟਰ ਨੂੰ ਸਮਰਪਿਤ ਹੈ, ਸਗੋਂ ਦੇਸ਼ ਅਤੇ ਸਮਾਜ ਦੇ ਰੱਖਿਅਕਾਂ ਨੂੰ ਵੀ ਬਹੁਤ ਸਤਿਕਾਰ ਦਿੰਦੀ ਹੈ ਕਿਉਂਕਿ ਇਹ ਉਹ ਸੈਨਿਕ ਹਨ ਜਿਨ੍ਹਾਂ ਦੀ ਚੌਕਸੀ ਸਦਕਾ ਭਾਰਤ ਵਾਸੀ ਬਾਹਰੀ ਅਤੇ ਅੰਦਰੂਨੀ ਖਤਰਿਆਂ ਤੋਂ ਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਦੌਰਾਨ ਇੰਸਪੈਕਟਰ ਅਮਨ ਕੁਮਾਰ ਨੇ ਸ਼ਿਵ ਸੈਨਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਦੀ ਪਹਿਲੀ ਤਰਜੀਹ ਜਨਤਾ ਦੀ ਸੁਰੱਖਿਆ ਹੈ ਅਤੇ ਉਨ੍ਹਾਂ ਦੀ ਅਗਵਾਈ ’ਚ ਸਾਰੇ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਆਪਣੀ ਡਿਊਟੀ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਇੰਸਪੈਕਟਰ ਅਮਨ ਕੁਮਾਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਾਬਾਲਗ ਬੱਚਿਆਂ ਨੂੰ ਵਾਹਨਾਂ ਸਮੇਤ ਸੜਕ ’ਤੇ ਨਾ ਆਉਣ ਦੇਣ। ਨਾਲ ਹੀ, ਗੱਡੀ ਡਰਾਈਵ ਕਰਦੇ ਸਮੇਂ ਡਰਾਈਵਿੰਗ ਲਾਇਸੈਂਸ, ਆਰ.ਸੀ, ਬੀਮੇ ਅਤੇ ਪ੍ਰਦੂਸ਼ਣ ਨਾਲ ਸਬੰਧਤ ਦਸਤਾਵੇਜ਼ ਜਰੂਰ ਨਾਲ ਰੱਖਣ। ਉਨ੍ਹਾਂ ਆਮ ਲੋਕਾਂ ਨੂੰ ਵੀ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਨੂੰ ਆਪਣਾ ਮਿੱਤਰ ਸਮਝਦਿਆਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ‘ਚ ਹਰ ਸੰਭਵ ਸਹਿਯੋਗ ਕੀਤਾ ਜਾਵੇ। ਇਸ ਮੌਕੇ ਗੁਰਮੀਤ ਸਿੰਘ, ਅਨੂਪ ਦੁੱਗਲ ਆਦਿ ਵੀ ਹਾਜ਼ਰ ਸਨ।  

NO COMMENTS