ਮਾਨਸਾ, 23 ਮਾਰਚ-(ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਨ ਹੋਗਾ। ਸ਼ਹੀਦ ਸ੍ਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਅਤੇ ਸ਼ਾਤੀ ਭਵਨ ਦੀ ਸ਼੍ਰੀ ਰਾਮ ਬਾਗ ਚੈਰੀਟੇਬਲ ਸੁਸਾਇਟੀ ਵੱਲੋਂ ਸਾਝੇ ਤੌਰ ਤੇ ਮਾਨਸਾ ਦੇ ਸ਼ਾਂਤੀ ਭਵਨ ਵਿਖੇ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪ੍ਰਧਾਨ ਬਿੱਕਰ ਸਿੰਘ ਮੰਘਾਣੀਆ ਨੇ ਕਰਦਿਆਂ ਕਿਹਾ ਕਿ ਮੈਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਾਨਸਾ ਦੇ ਸੀਨੀਅਰ ਸਿਟੀਜ਼ਨਾਂ ਨੇ ਅੱਜ ਇਥੇ ਪਹੁੰਚਕੇ ਸ਼ਹੀਦ ਸ੍ਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਸ਼ਹੀਦ ਸ੍ਰ ਭਗਤ ਸਿੰਘ ਜੀ ਨੂੰ ਸਮਰਪਿਤ ਇਹ ਪਹਿਲਾ ਪ੍ਰੋਗਰਾਮ ਹੈ ਜਿਸ ਵਿੱਚ ਮਾਨਸਾ ਜ਼ਿਲ੍ਹੇ ਦੇ ਪਤਵੰਤੇ ਸੱਜਣ ਪਹੁੰਚੇ ਹਨ। ਅਸੀਂ ਅੱਗੇ ਤੋਂ ਅਜਿਹੇ ਪ੍ਰੋਗਰਾਮ ਕਰਦੇ ਰਹਾਂਗੇ। ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਮਿਲ ਸਕੇ ਅਤੇ ਸ਼ਹੀਦ ਸ੍ਰ ਭਗਤ ਸਿੰਘ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕਣ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਮ ਕ੍ਰਿਸ਼ਨ ਚੁੱਘ ਨੇ ਦੱਸਿਆ ਕੇ ਇਸ ਮੌਕੇ ਤੇ ਵੱਖ-ਵੱਖ ਬਲਾਰਿਆ ਸ਼੍ਰੀ ਅਸ਼ੋਕ ਬਾਂਸਲ ਨੇ ਆਪਣੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਸ਼ਹੀਦਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਜਿਹੜੇ ਭਗਤ ਸਿੰਘ ਦੇ ਨਾਲ ਸਨ। ਜਿਨ੍ਹਾਂ ਵਿੱਚੋਂ ਇੱਕ ਬੀ ਕੇ ਦੱਤ ਸੀ ਜਿਸ ਨੇ ਸ਼ਹੀਦ ਭਗਤ ਸਿੰਘ ਦੇ ਨਾਲ ਅਸੈਂਬਲੀ ਵਿੱਚ ਬੰਬ ਸੁਟਿਆ ਸੀ। ਮੈਨੂੰ ਦੁੱਖ ਮਹਿਸੂਸ ਹੁੰਦਾ ਹੈ ਕਿ ਅਸੀਂ ਸਿਰਫ਼ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਹੀ ਯਾਦ ਕਰਦੇ ਹਾਂ। ਸਾਨੂੰ ਬੀ ਕੇ ਦੱਤ ਵਰਗੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਇਨ੍ਹਾਂ ਬਾਰੇ ਦੱਸਿਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਇਨ੍ਹਾਂ ਮਹਾਨ ਯੋਧਿਆਂ ਨੂੰ ਯਾਦ ਰੱਖ ਸਕਣ। ਸ਼੍ਰੀ ਵਿਸ਼ਵਜੀਤ ਬਰਾੜ ਸੈਕਟਰੀ ਵਾਈਸ ਆਫ਼ ਮਾਨਸਾ ਨੇ ਬੋਲਦਿਆਂ ਕਿਹਾ ਕਿ ਮੈਨੂੰ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਬੱਚਿਆਂ ਨੂੰ ਇਨ੍ਹਾਂ ਸ਼ਹੀਦਾਂ ਬਾਰੇ ਕੁੱਝ ਵੀ ਪਤਾ ਨਹੀਂ ਹੈ, ਕਿਉਂਕਿ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਸਾਡੇ ਬੱਚਿਆਂ ਦੀਆਂ ਕਿਤਾਬਾਂ ਵਿੱਚ ਸ਼ਹੀਦਾਂ ਬਾਰੇ ਲਿਖਿਆ ਜਾਂਦਾ ਸੀ ਪਰ ਅੱਜ ਇਨ੍ਹਾਂ ਸ਼ਹੀਦਾਂ ਨੂੰ ਕਿਤਾਬਾਂ ਵਿੱਚੋਂ ਕੱਢ ਦਿੱਤਾ ਗਿਆ ਹੈ ਜਿਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਹਾਂ। ਕਿਉਂਕਿ ਅਸੀਂ ਕੁੱਝ ਬੋਲਦੇ ਨਹੀਂ। ਡਾ. ਜਨਕ ਰਾਜ ਸਿੰਗਲਾ ਪ੍ਰਧਾਨ ਵਾਈਸ ਆਫ਼ ਮਾਨਸਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਸਾਨੂੰ ਆਜ਼ਾਦੀ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪਰ ਅਸੀਂ ਅਜ਼ਾਦੀ ਦੇ ਜਸ਼ਨਾਂ ਵਿੱਚ ਆਪਣੇ ਪਿਛੋਕੜ ਨੂੰ ਭੁੱਲ ਗਏ। ਅੱਜ ਜੇਕਰ ਸ਼ਹੀਦ ਭਗਤ ਸਿੰਘ ਵਾਂਗੂ ਸਾਨੂੰ ਆਪਣੀ ਜਾਨ ਦੇਣੀ ਪਵੇ ਤਾਂ ਸ਼ਾਇਦ ਹੀ ਕੋਈ ਮੂਹਰੇ ਆਵੇ। ਅਸੀਂ ਆਪਣੀ ਜਾਨ ਤਾਂ ਨਹੀਂ ਦੇ ਸਕਦੇ ਪਰ ਇਸ ਧਰਤੀ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਇੱਕ ਉਪਰਾਲਾ ਜ਼ਰੂਰ ਕਰ ਸਕਦੇ ਹਾਂ, ਤਾਂ ਆਓ ਆਪਾਂ ਸਾਰੇ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਪਾਣੀ ਦੇ ਬਚਾਓ ਲਈ ਆਪਣਾ ਯੋਗਦਾਨ ਪਾਈਏ। ਕਿਉਂਕਿ ਜ਼ਮੀਨੀ ਪਾਣੀ ਦਾ ਪੱਧਰ ਦਿਨੋਂ ਦਿਨ ਬਹੁਤ ਨੀਵਾਂ ਹੋ ਰਿਹਾ ਹੈ। ਆਓ ਆਪਾਂ ਸਾਰੇ ਅੱਜ ਤੋਂ ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਬਚਨ ਕਰੀਏ। ਐਚ ਆਰ ਮੋਫ਼ਰ ਪ੍ਰਧਾਨ ਮੁਸਲਿਮ ਫਰੰਟ ਪੰਜਾਬ ਨੇ ਕਿਹਾ ਕਿ ਸਾਡਾ ਪੰਜਾਬ ਹਿੰਦੂ ਮੁਸਲਿਮ ਸਿੱਖ ਇਸਾਈ ਸਭ ਦਾ ਸਾਂਝਾ ਪੰਜਾਬ ਹੈ ਸਾਨੂੰ ਹਮੇਸ਼ਾ ਮਿਲਕੇ ਰਹਿਣਾ ਚਾਹੀਦਾ ਹੈ। ਗੁਰਚਰਨ ਸਿੰਘ ਮੰਦਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਦਿੱਤੀ ਹੋਈ ਕੁਰਬਾਨੀ ਹਮੇਸ਼ਾ ਸੱਚ ਦਾ ਰਾਹ ਦਿਖਾਉਂਦੀ ਰਹੂਗੀ। ਮੈਂ ਸੀਨੀਅਰ ਸਿਟੀਜਨ ਦੇ ਸਮੂਹ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਉੱਚਪੱਧਰਦੀ ਅਹੁਦਿਆਂ ਤੇ ਹਨ ਜਾਂ ਰਿਟਾਇਰ ਹੋ ਚੁੱਕੇ ਹਨ ਉਹ ਆਮ ਲੋਕਾਂ ਦੀ ਮੱਦਦ ਕਰਨ ਵਿੱਚ ਪਹਿਲ ਕਰਨ ਅਤੇ ਸਰਕਾਰੀ ਸਹੂਲਤਾਂ ਨੂੰ ਦੂਜਿਆਂ ਤੱਕ ਪਹੁੰਚਣ। ਸਰਕਾਰ ਸੀਨੀਅਰ ਸਿਟੀਜ਼ਨਾਂ ਲਈ ਬਹੁਤ ਸਹੂਲਤਾਂ ਪ੍ਰਦਾਨ ਕਰਦੀ ਹੈ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ। ਹਰਮਿੰਦਰ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਅਗਰੋਆ ਨੇ ਸ਼ਹੀਦ ਭਗਤ ਨੂੰ ਯਾਦ ਕਰਦਿਆਂ ਕਵਿਤਾ ਗਾ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ। ਪ੍ਰੋਗਰਾਮ ਦੇ ਅੰਤ ਤੇ ਸ਼ਹੀਦਾ ਦੀ ਯਾਦ ਨੂੰ ਤਾਜਾ ਰੱਖਣ ਲਈ ਬਲਵਿੰਦਰ ਬਾਂਸਲ ਪ੍ਰਧਾਨ ਸ਼ਾਤੀ ਭਵਨ ਦੀ ਅਗਵਾਈ ਵਿਚ ਵੱਖ-ਵੱਖ ਪੌਦੇ ਸ਼ਾਤੀ ਭਵਨ ਵਿਚ ਲਗਾਏ ਗਏ ਅਤੇ ਵਾਇਸ ਪ੍ਰਧਾਨ ਭੂਰਾ ਸਿੰਘ ਸ਼ੇਰਗੜੀਆ ਸਾਬਕਾ ਨਗਰ ਕੌਂਸਲਰ, ਪ੍ਰਧਾਨ ਬਿਕਰ ਸਿੰਘ ਮਘਾਣੀਆਂ ਮਾਨਸਾ ਨੇ ਪਹੁੰਚੇ ਹੋਏ ਸਮੂਹ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਸੈਕਟਰੀ ਦੀ ਭੂਮਿਕਾ ਮੈਡਮ ਪਰਮਜੀਤ ਕੌਰ ਨੇ ਬਾਖੂਬੀ ਨਿਵਾਈ ਇਸ ਮੌਕੇ ਤੇ ਬਲਵਿੰਦਰ ਬਾਂਸਲ ਚੇਅਰਮੈਨ ਸੀਨੀਅਰ ਸਿਟੀਜਨ ਸੋਸਾਇਟੀ, ਨਸੀਬ ਚੰਦ ਗੋਇਲ ਮਾਸਟਰ, ਪਰਮਜੀਤ ਕੌਰ ਮਾਨਸਾ ਜਰਨਲ ਸੈਕਟਰੀ, ਬਾਦਸ਼ਾਹ ਸਿੰਘ, ਧੰਨਾ ਸਿੰਘ, ਰੂਪ ਚੰਦ ਪਰੋਚਾ, ਪ੍ਰਕਾਸ਼ ਸਿੰਘ ਸੈਕਟਰੀ,ਅਵਤਾਰ ਸਿੰਘ ਮਾਨ ਸੇਠੀ ਸਿੰਘ ਸਰਾਂ, ਤਰਸੇਮ ਚੰਦ ਗੋਇਲ ਖਜਾਨਚੀ, ਏ ਐਸ ਮਾਨ, ਗੁਰਦੇਵ ਸਿੰਘ ਸਿੱਧੂ, ਰਾਮ ਕ੍ਰਿਸ਼ਨ ਚੁੱਘ, ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ, ਸੱਤਪਾਲ ਮੋਗਾ ਬਲਦੇਵ ਸਿੰਘ ਕਾਮਰੇਡ ਸ਼ਿਵਚਰਨਦਾਸ ਸੂਚਨ, ਰਘਵੀਰ ਸਿੰਘ ਰਾਮਗੜ੍ਹੀਆ ਮੰਗਤ ਰਾਏ ਅਰੋੜਾ, ਮਨੋਹਰ ਸੰਧੂ, ਹਰਬੰਸ ਕੌਰ, ਨਿਰਮਲ ਸਿੰਘ ਮੌਜੀਆ, ਸੁਖਚਰਨ ਸਿੰਘ ਸੱਧੇਵਾਲੀਆ ਅਤੇ ਗੁਰਪ੍ਰੀਤ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਪਹੁੰਚੇ ਸਨ।