*ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਨਵੀਂ ਸ਼ੂਟਿੰਗ ਰੇਂਜ ਦਾ ਉਦਘਾਟਨ*

0
17

ਮਾਨਸਾ, 05 ਅਗਸਤ : (ਸਾਰਾ ਯਹਾਂ/ਮੁੱਖ ਸੰਪਾਦਕ)
ਸਕੂਲੀ ਵਿਦਿਆਰਥੀਆਂ ਅੰਦਰ ਖੇਡ ਸਭਿਆਚਾਰ ਪੈਦਾ ਕਰਨ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਨਵੀਂ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰ. ਮਲਕੀਤ ਸਿੰਘ ਵਿਰਕ ਨੇ ਰਿਬਨ ਕੱਟ ਕੇ ਨਵੀਂ ਸ਼ੂਟਿੰਗ ਰੇਂਜ ਖਿਡਾਰੀਆਂ ਦੇ ਸਪੁਰਦ ਕੀਤੀ।
ਸੰਸਥਾ ਦੇ ਮੁਖੀ ਹਰਿੰਦਰ ਸਿੰਘ ਭੁੱਲਰ ਨੇ ਨਿਸ਼ਾਨਾ ਲਗਾ ਕੇ ਨਵੀਂ ਸ਼ੂਟਿੰਗ ਰੇਂਜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਨਰੋਏ ਸਮਾਜ ਦਾ ਅਧਾਰ ਹਨ ਜਿਸ ਨਾਲ ਵਧੀਆ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਪੰਜਾਬੀ ਮਾਸਟਰ ਬਲਵਿੰਦਰ ਸਿੰਘ ਬੁਢਲਾਡਾ (ਸਟੇਟ ਅਵਾਰਡੀ) ਦੀ ਅਗਵਾਈ ਵਿੱਚ ਖਿਡਾਰੀ ਰਾਈਫ਼ਲ ਸ਼ੂਟਿੰਗ ਦੇ ਗੁਰ ਸਿੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਸ਼ਨ 2023—24 ਵਿੱਚ ਸਕੂਲ ਦੀਆਂ ਵਿਦਿਆਰਥਣਾਂ ਮਨਜੀਤ ਕੌਰ ਅਤੇ ਪਰਨੀਤ ਕੌਰ ਨੇ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਟੀਮ ਦੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ।
ਸ਼ੂਟਿੰਗ ਖੇਡ ਦੀ ਸਿਖਲਾਈ ਪ੍ਰਦਾਨ ਕਰ ਰਹੇ ਬਲਵਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਸਾਲ 2018 ਤੋਂ ਪ੍ਰਿੰਸੀਪਲ ਮੁਕੇਸ਼ ਕੁਮਾਰ ਨੇ ਸ਼ੂਟਿੰਗ ਖੇਡ ਦੇ ਪੂਰਨੇ ਪਾਏ, ਪ੍ਰਿੰਸੀਪਲ ਅਰੁਣ ਕੁਮਾਰ ਨੇ ਸ਼ੂਟਿੰਗ ਖੇਡ ਦੇ ਪੂਰਨਿਆਂ ਨੂੰ ਬਰਕਰਾਰ ਰੱਖਿਆ ਅਤੇ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਨਵੀਂ ਸ਼ੂਟਿੰਗ ਰੇਂਜ ਬਣਾ ਕੇ ਸਕੂਲ ਵਿਖੇ ਸ਼ੂਟਿੰਗ ਖੇਡ ਦੀ ਨਵੀਂ ਇਬਾਰਤ ਦੀ ਰਚਨਾ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਦੇ 117 ਸਕੂਲ ਆਫ਼ ਐਮੀਨੈਂਸ ਵਿੱਚੋਂ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਪੰਜਾਬ ਦੀ ਪਹਿਲੀ ਅਤਿ ਆਧੁਨਿਕ ਸ਼ੂਟਿੰਗ ਰੇਂਜ ਦਾ ਨਿਰਮਾਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਦੇ ਸ਼ੂਟਿੰਗ ਖਿਡਾਰੀਆਂ ਨੇ ਸਾਲ 2018 ਤੋਂ ਲੈ ਕੇ ਹੁਣ ਤੱਕ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ 7 ਮੈਡਲ ਅਤੇ ਰਾਸ਼ਟਰ ਪੱਧਰੀ ਮੁਕਾਬਲਿਆਂ ਵਿੱਚ ਇੱਕ ਮੈਡਲ ਪ੍ਰਾਪਤ ਕਰ ਚੁੱਕੇ ਹਨ।
ਇਸ ਮੌਕੇ ਵਾਈਸ ਪ੍ਰਿੰਸੀਪਲ ਗਗਨਪ੍ਰੀਤ ਵਰਮਾ, ਸਰੀਰਕ ਸਿੱਖਿਆ ਅਧਿਆਪਕ ਜ਼ਸਵਿੰਦਰ ਸਿੰਘ, ਅਮਨਦੀਪਕੌਰ, ਗੁਰਦੀਪ ਕੌਰ, ਰੇਨੂੰ, ਬਲਜੀਤ ਸਿੰਘ, ਰੇਨੂੰ ਗੁਪਤਾ, ਪਰਮਜੀਤ ਕੌਰ, ਸੁਨੀਲ ਕੁਮਾਰ, ਰੀਨਾ ਰਾਣੀ, ਗੁਰਦੀਪ ਸਿੰਘ, ਮੁਕੇਸ਼ ਕੁਮਾਰ, ਮਿਸ਼ਰਾ ਸਿੰਘ, ਕਿਰਨ ਕੌਰ, ਰਾਜਵੀਰ ਕੌਰ, ਗਗਨਦੀਪ ਸਿੰਘ, ਰੇਨੂੰ ਬਾਲਾ, ਕਮਲਪੀ੍ਰਤ ਕੌਰ,ਰੀਤੂ ਰਾਣੀ, ਅਮਨਦੀਪ ਕੌਰ, ਮਨਪ੍ਰੀਤ ਕੌਰ, ਜਸਵੀਰ ਕੌਰ, ਸੁਮਨਦੀਪ ਕੌਰ, ਬਿੰਦਰ ਸਿੰਘ, ਅਜ਼ੈਪਾਲ ਸਿੰਘ, ਰੁਲਦੂ ਸਿੰਘ, ਜਗਸੀਰ ਸਿੰਘ, ਭਗੌਤੀ ਸਿੰਘ, ਬਾਦਲ ਸਿੰਘ ਤੋਂ ਇਲਾਵ ਬੀ. ਐਡ. ਸਿੱਖਿਆਰਥੀ ਅਤੇ ਖਿਡਾਰੀ ਮੌਜੂਦ ਸਨ।

NO COMMENTS