*ਸ਼ਹੀਦ ਊਧਮ ਸਿੰਘ ਦੀ ਯਾਦਗਾਰ ਕੱਲ(31 ਜੁਲਾਈ ਨੂੰ) ਹੋਵੇਗੀ ਲੋਕ ਅਰਪਿਤ.!ਮੁੱਖ ਮੰਤਰੀ ਸਮੇਤ ਕਈ ਸਖ਼ਸ਼ੀਅਤਾਂ ਕਰਨਗੀਆਂ ਸਰਧਾਂਜਲੀ ਭੇਂਟ*

0
22

ਚੰਡੀਗੜ੍ਹ/ ਸੁਨਾਮ(ਸੰਗਰੂਰ), 30 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ): ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਜਦਾ ਕਰਨ ਅਤੇ ਉਨਾਂ ਦੇ ਦਲੇਰਾਨਾ ਕਾਰਨਾਮੇ ਦੀ ਯਾਦ ਨੂੰ ਚਿਰ ਸਦੀਵੀਂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸੁਨਾਮ ਊਧਮ ਸਿੰਘ ਵਾਲਾ ਵਿਖੇ 2.61 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਯਾਦਗਾਰ ਭਲਕੇ 31 ਜੁਲਾਈ 2021 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਅਰਪਿਤ ਕੀਤੀ ਜਾਵੇਗੀ। ਸੁਨਾਮ ਊਧਮ ਸਿੰਘ ਵਾਲਾ ਵਿਖੇ ਵਧੀਕ ਮੁੱਖ ਸਕੱਤਰ ਸੈਰ-ਸਪਾਟਾ ਵਿਭਾਗ ਸ੍ਰੀ ਸੰਜੇ ਕੁਮਾਰ, ਡਾਇਰੈਕਟਰ ਮੈਡਮ ਕੰਵਲ ਪ੍ਰੀਤ ਬਰਾੜ ਅਤੇ ਮੈਡਮ ਦਾਮਨ ਥਿੰਦ ਬਾਜਵਾ ਨਾਲ ਯਾਦਗਾਰ ਦੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਯਾਦਗਾਰ ਲੋਕ ਅਰਪਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ 31 ਜੁਲਾਈ ਨੂੰ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ  ਮੌਕੇ ਸੂਬਾ ਪੱਧਰੀ ਸਮਾਰੋਹ ਉਲੀਕਿਆ ਗਿਆ ਹੈ ਜਿਸ ਲਈ ਪੁਖਤਾ ਪ੍ਰਬੰਧ ਬਣਾਉਣੇ ਯਕੀਨੀ ਬਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਮੌਕੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ, ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਅਤੇ ਚੇਅਰਮੈਨ ਮੰਡੀ ਬੋਰਡ ਸ. ਲਾਲ ਸਿੰਘ ਸਮੇਤ ਕਈ ਹੋਰ ਸਖ਼ਸ਼ੀਅਤਾਂ ਵੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚ ਰਹੀਆਂ ਹਨ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਨਾਮ-ਮਾਨਸਾ ਸੜਕ ’ਤੇ 4 ਏਕੜ ਜਗਾ ’ਤੇ ਤਿਆਰ ਕੀਤੀ ਗਈ ਸ਼ਹੀਦ ਊਧਮ ਸਿੰਘ ਯਾਦਗਾਰ ’ਚ ਸ਼ਹੀਦ ਦਾ ਤਾਂਬੇ ਦਾ ਬੁੱਤ, ਉਨਾਂ ਦੀਆਂ ਨਿਸ਼ਾਨੀਆਂ ਸੰਭਾਲਣ ਤੇ ਪ੍ਰਦਰਸ਼ਨੀ ਲਈ ਅਜਾਇਬ ਘਰ, ਕੈਫੇਟੇਰੀਆ ਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਯਾਦਗਾਰ ਦੀ ਰੂਪ ਰੇਖਾ ਤੇ ਡਿਜ਼ਾਇਨ ਚੀਫ਼ ਆਰਕੀਟੈਕਟ ਪੰਜਾਬ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਲੋਕਾਂ ਦੀ ਸੁਵਿਧਾ ਲਈ ਪਾਰਕਿੰਗ, ਹਰਿਆਲੀ ਭਰਪੂਰ ਲੈਂਡ ਸਕੇਪਿੰਗ ਅਤੇ ਪਾਥਵੇਅਜ਼, ਰੇਨ ਸ਼ੈਲਟਰਜ਼, ਰਵਾਇਤੀ ਦਿੱਖ ਵਾਲੀਆਂ ਲਾਇਟਾਂ ਆਦਿ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਯਾਦਗਾਰ ਦੇ ਆਲੇ ਦੁਆਲੇ ਰੈਡ-ਸੈਂਡਸਟੋਨ ਦੀ ਵਰਤੋਂ ਕੀਤੀ ਗਈ ਹੈ ਅਤੇ ਸ਼ਹੀਦ ਦੇ ਬੁੱਤ ਦੇ ਸਾਹਮਣੇ ਗੋਲਾਕਾਰ ਡਿਜ਼ਾਇਨ ’ਚ ਫੁੱਲਾਂ ਵਾਲੇ ਬੂਟਿਆਂ ਦੀਆਂ ਕਿਆਰੀਆਂ ਤਿਆਰ ਕਰਵਾਈਆਂ ਗਈਆਂ ਹਨ। 

ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਅਤੇ 31 ਜੁਲਾਈ 1940 ਨੂੰ ਲੰਦਨ ਦੀ ਜੇਲ ’ਚ ਫਾਂਸੀ ਦੇ ਕੇ ਉਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਬਹਾਦਰੀ ਵਾਲੇ ਸਾਕੇ ਦੇ ਪ੍ਰਚਾਰ ਲਈ ਵੀ ਬੁੱਤ ਦੇ ਆਲੇ ਦੁਆਲੇ ਉਨਾਂ ਦੀ ਜ਼ਿੰਦਗੀ ਨਾਲ ਸਬੰਧਤ ਇਤਿਹਾਸ ਪੰਜਾਬੀ ਤੇ ਅੰਗ੍ਰੇਜ਼ੀ ਭਾਸ਼ਾਵਾਂ ’ਚ ਪੱਥਰਾਂ ’ਤੇ ਬੜੀ ਬਾਰੀਕੀ ਨਾਲ ਉਕੇਰਿਆ ਗਿਆ ਹੈ। ਉਨਾਂ ਕਿਹਾ ਕਿ ਇਹ ਯਾਦਗਾਰ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਬਣ ਕੇ ਉੱਭਰੇਗੀ ਅਤੇ ਨੌਜਵਾਨਾਂ ਨੂੰ ਜਿੰਦ-ਜਾਨ ਨਾਲ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਤ ਕਰੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸੁਨਾਮ ਮਨਜੀਤ ਕੌਰ, ਕਾਂਗਰਸੀ ਆਗੂ ਹਰਮਨਦੇਵ ਸਿੰਘ ਬਾਜਵਾ, ਤਹਿਸੀਲਦਾਰ ਕੁਲਦੀਪ ਸਿੰਘ, ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

NO COMMENTS