*ਸ਼ਹੀਦ ਅਗਨੀਵੀਰ ਅਜੈ ਸਿੰਘ ਦਾ ਹੋਇਆ ਅੰਤਿਮ ਸੰਸਕਾਰ, ਅਫਸਰਾਂ ਅਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ*

0
29

(ਸਾਰਾ ਯਹਾਂ/ਬਿਊਰੋ ਨਿਊਜ਼)ਰਾਜੌਰੀ ਵਿੱਚ ਹੋਏ ਬਾਰੂਦੀ ਧਮਾਕੇ ਵਿੱਚ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ 23  ਸਾਲਾ ਅਗਨੀਵੀਰ ਅਜੈ ਸਿੰਘ ਸ਼ਹੀਦ ਹੋ ਗਿਆ ਸੀ ਜਿਸ ਦਾ ਅੱਜ ਅੰਤਿਸ ਸੰਸਕਾਰ ਕੀਤਾ ਗਿਆ ਹੈ।

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਦੇ ਧਮਾਕੇ ਕਾਰਨ ਲੁਧਿਆਣਾ ਦੇ ਕਸਬਾ ਮਲੌਦ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ 23 ਸਾਲਾ ਅਗਨੀਵੀਰ ਅਜੈ ਸਿੰਘ ਸ਼ਹੀਦ ਹੋ ਗਿਆ। ਅਗਨੀਵੀਰ ਦਾ ਅੱਜ ਪਿੰਡ ਵਿੱਚ ਫੌਜੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ।

ਅੰਤਿਮ ਸੰਸਕਾਰ ਮੌਕੇ ਲੁਧਿਆਣਾ ਦੇ ਡੀਸੀ ਸੁਰਭੀ ਮਲਿਕ, ਖੰਨਾ ਦੇ ਐਸਐਸਪੀ ਅਮਨੀਤ ਕੌਂਡਲ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਕਈ ਫ਼ੌਜੀ ਅਧਿਕਾਰੀ ਤੇ ਸਿਆਸੀ ਆਗੂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। ਸ਼ਹੀਦ ਦੇ ਪਿੰਡ ਤੋਂ ਇਲਾਵਾ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕ ਵੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ।

6 ਭੈਣਾਂ ਦਾ ਇਕੱਲਾ ਭਰਾ ਸੀ ਸ਼ਹੀਦ

ਅਜੈ ਸਿੰਘ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਅੱਤ ਦੀ ਗਰੀਬੀ ਵਿੱਚ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਅਗਨੀਵੀਰ ਫਰਵਰੀ 2022 ਵਿੱਚ ਭਰਤੀ ਹੋਇਆ ਸੀ। ਸਿਰਫ਼ 23 ਸਾਲ ਦੇ ਅਜੈ ਸਿੰਘ ਦੇ ਪਰਿਵਾਰ ਵਿੱਚ ਪਿਤਾ ਚਰਨਜੀਤ ਸਿੰਘ, ਮਾਂ ਲਕਸ਼ਮੀ ਤੋਂ ਇਲਾਵਾ 6 ਭੈਣਾਂ ਹਨ। ਉਹ ਇਕਲੌਤਾ ਭਰਾ ਸੀ।

ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਦੀ ਸ਼ਹਾਦਤ ‘ਤੇ ਮਾਣ ਹੈ। ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਪਰਿਵਾਰ ਦਾ ਹਮੇਸ਼ਾ ਸਾਥ ਦਿੱਤਾ ਜਾਵੇਗਾ। ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਪਰਿਵਾਰ ਨੂੰ ਸਰਕਾਰ ਦੀ ਨੀਤੀ ਤਹਿਤ ਜੋ ਵੀ ਮਦਦ ਮਿਲੇਗੀ ਉਹ ਦਿੱਤੀ ਜਾਵੇਗੀ। ਸੀਐਮ ਵੀ ਆਉਣਗੇ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਮੈਂ, ਐਸਐਸਪੀ ਖੰਨਾ ਅਮਨੀਤ ਕੌਂਡਲ, ਐਸਡੀਐਮ ਪਾਇਲ ਪੂਨਮਪ੍ਰੀਤ ਕੌਰ ਅਤੇ ਪਰਿਵਾਰ ਦੀਆਂ ਤਿੰਨ ਹੋਰ ਧੀਆਂ ਇੱਥੇ ਖੜ੍ਹੀਆਂ ਹਾਂ। ਪਰਿਵਾਰ ‘ਤੇ ਕੋਈ ਮੁਸ਼ਕਿਲ ਨਹੀਂ ਆਉਣ ਦੇਵਾਂਗੇ।

ਉੱਥੇ ਹੀ ਇਲਾਕੇ ਦੇ ਇੱਕ ਹੋਰ ਸ਼ਹੀਦ ਦੇ ਪਿਤਾ ਸੁਰਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵੀ ਕੁਝ ਸਾਲ ਪਹਿਲਾਂ ਸ਼ਹੀਦ ਹੋਇਆ ਸੀ। ਅੱਜ ਅਜੈ ਸ਼ਹੀਦ ਹੋ ਗਿਆ ਹੈ। ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸ਼ਹੀਦ ਪਰਿਵਾਰਾਂ ਨੂੰ ਹਮੇਸ਼ਾ ਬਣਦਾ ਮਾਣ-ਸਨਮਾਨ ਮਿਲੇ। ਹੁੰਦਾ ਇਹ ਹੈ ਕਿ ਇਕ ਮਹੀਨੇ ਬਾਅਦ ਹੀ ਕੋਈ ਸ਼ਹੀਦ ਦੇ ਪਰਿਵਾਰ ਦਾ ਪਤਾ ਲੈਣ ਵੀ ਨਹੀਂ ਆਉਂਦਾ ਹੈ।

NO COMMENTS