*ਸ਼ਹਿਰ ਵਿੱਚ ਸੀਵਰੇਜ ਸਿਸਟਮ ਦੇ ਮੰਦੇ ਹਾਲ ਅਤੇ ਹੋਰ ਮੰਗਾਂ ਨੂੰ ਲੈ ਕੇ ਐਸ ਡੀ ਐਮ ਅਤੇ ਵਿਧਾਇਕ ਬੁਢਲਾਡਾ ਨੂੰ ਮੈਮੋਰੰਡਮ ਦਿੱਤੇ ਗਏ*

0
16

ਬੁਢਲਾਡਾ, 31 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨਗਰ ਸੁਧਾਰ ਸਭਾ ਬੁਢਲਾਡਾ ਦੇ ਆਗੂਆਂ ਨੇ ਸ਼ਹਿਰ ਵਿੱਚ ਸੀਵਰੇਜ ਸਿਸਟਮ ਦੇ ਮੰਦੇ ਹਾਲ ਅਤੇ ਹੋਰ ਮੰਗਾਂ ਮਸਲਿਆਂ ਸਬੰਧੀ ਐਸ.ਡੀ.ਐਮ. ਬੁਢਲਾਡਾ ਅਤੇ ਹਲਕਾ ਵਿਧਾਇਕ ਦੇ ਦਫ਼ਤਰ ਜਾ ਕੇ ਮੈਮੋਰੰਡਮ ਦਿੱਤੇ ਗਏ। ਆਗੂਆਂ ਨੇ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਕੀਤਾ ਹੈ। 

             ਅੱਜ ਨਗਰ ਸੁਧਾਰ ਸਭਾ ਬੁਢਲਾਡਾ ਦੇ ਵਫ਼ਦ ਵਿੱਚ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਸਤਪਾਲ ਸਿੰਘ ਕਟੌਦੀਆ , ਪਵਨ ਕੁਮਾਰ ਨੇਵਟੀਆ , ਹਰਦਿਆਲ ਸਿੰਘ ਦਾਤੇਵਾਸ , ਸੇਵਾ ਮੁਕਤ ਪੁਲਿਸ ਅਧਿਕਾਰੀ ਅਵਤਾਰ ਸਿੰਘ , ਜਸਦੇਵ ਸਿੰਘ ਅੱਕਾਂਵਾਲੀ ਆਦਿ ਸ਼ਾਮਲ ਸਨ।

      ਆਗੂਆਂ ਨੇ ਅੱਜ ਐਸ ਡੀ ਐਮ ਬੁਢਲਾਡਾ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀ ਤਾਂ ਇਸ ਪ੍ਰਸ਼ਾਸਨਿਕ ਅਧਿਕਾਰੀ ਦਾ ਰਵੱਈਆ ਅੱਖੜ ਅਤੇ ਟਾਲ ਮਟੋਲ ਵਾਲਾ ਸੀ। ਉਨ੍ਹਾਂ ਵਫ਼ਦ ਨਾਲ ਮੰਗਾਂ-ਸਮੱਸਿਆਵਾਂ ਸਬੰਧੀ ਚਰਚਾ ਕਰਨ ਦੀ ਵੀ ਜ਼ਰੂਰਤ ਨਹੀਂ ਸਮਝੀ।

  ਆਗੂਆਂ ਨੇ ਕਿਹਾ ਕਿ ਸ਼ਹਿਰਵਾਸੀ ਲੰਬੇ ਸਮੇਂ ਤੋਂ ਸੀਵਰੇਜ ਦੇ ਮੰਦੇ ਹਾਲ, ਪੀਣ ਦੀ ਸਪਲਾਈ ਵਿੱਚ ਗੰਦਾ ਪਾਣੀ ਮਿਕਸ ਦੀ ਸਮੱਸਿਆ  , ਐਨ ਓ ਸੀ ਅਤੇ  ਕੂਲੇਕਟਰ ਰੇਟਾਂ ਦਾ ਮਾਮਲਾ ਅਤੇ  ਆਵਾਰਾ ਪਸ਼ੂਆਂ ਦੀ ਭਰਮਾਰ ਆਦਿ ਸਬੰਧੀ ਪਿਛਲੇ ਕਈ ਦਿਨਾਂ ਤੋਂ ਆਵਾਜ਼ ਉਠਾ ਰਹੇ ਹਨ ਪਰੰਤੂ ਪ੍ਰਸ਼ਾਸਨ , ਨਗਰ ਕੌਂਸਲ , ਵਿਧਾਇਕ ਅਤੇ ਸਰਕਾਰ ਘੂਕ ਸੁੱਤੀ ਪਈ ਹੈ।

   ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬੁਢਲਾਡਾ ਦਾ ਕੋਈ ਵਾਲੀਵਾਰਸ ਨਾ ਹੋਵੇ। ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਸਮੁੱਚੇ ਸੀਵਰੇਜ਼ ਸਿਸਟਮ ਦਾ ਠੇਕਾ ਜੀ.ਡੀ.ਸੀ.ਐਲ. ਕੰਪਨੀ ਕੋਲ਼ ਹੈ ਪਰੰਤੂ ਪ੍ਰਸ਼ਾਸਨ , ਨਗਰ ਕੌਂਸਲ ਅਤੇ ਸਰਕਾਰ ਬਜਾਏ ਉਕਤ ਕੰਪਨੀ ਦਾ ਕੰਮਕਾਰ ਸੁਧਾਰਨ ਦੇ ਉਲਟਾ 50-50 ਲੱਖ ਦੀਆਂ ਮਸ਼ੀਨਾਂ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਜਨਤਾ ਦੇ ਪੈਸੇ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਉਕਤ ਕੰਪਨੀ ਲੱਖਾਂ-ਕਰੋੜਾਂ ਰੁਪਏ ਕਮਾ ਰਹੀ ਹੈ।

     ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਸਿਸਟਮ ਦੇ ਪ੍ਰਬੰਧ ਮਾੜੇ ਹਾਲ ਤੋਂ ਸ਼ਹਿਰ ਦੇ ਲੋਕ ਕਾਫ਼ੀ ਦੁੱਖੀ ਹਨ। ਹਰੇਕ ਵਾਰਡ ਵਿੱਚ ਸੜਕਾਂ ਅਤੇ ਗਲੀਆਂ ਸਮੇਤ ਸੀਵਰੇਜ ਦੇ ਓਵਰ ਫਲੋਅ ਹੋਣ ਕਰਕੇ ਹਰੇਕ ਵਾਰਡ ਵਿੱਚ ਗੰਦਾ ਪਾਣੀ ਖੜਾ ਹੈ। ਜਿਸ ਕਾਰਨ ਡੇਂਗੂ , ਮਲੇਰੀਆ ਜਿਹੀਆਂ ਭਿਆਨਕ ਬਿਮਾਰੀਆਂ ਲੋਕਾਂ ਨੂੰ ਕਿਸੇ ਸਮੇਂ ਵੀ ਆਪਣੀ ਲਪੇਟ ਵਿੱਚ ਲੈ ਸਕਦੀਆਂ ਹਨ। ਪੀਣ ਦੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਸਪਲਾਈ ਹੋ ਰਿਹਾ ਹੈ।

   ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਦੀ ਐਨ ਓ ਸੀ ਨੂੰ ਲੈ ਕੇ ਖੱਜਲ ਖ਼ੁਆਰੀ ਅਤੇ ਲੁੱਟ ਖਸੁੱਟ ਹੋ ਰਹੀ ਹੈ। ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਕੁਲੇਕਟਰ ਰੇਟਾਂ ਵਿੱਚ ਹਾਲਾਂ ਕੁਝ ਸਮਾਂ ਪਹਿਲਾਂ ਹੀ ਵਾਧਾ ਕੀਤਾ ਗਿਆ ਸੀ ਹੁਣ ਫੇਰ ਡਿਪਟੀ ਕਮਿਸ਼ਨਰ ਮਾਨਸਾ ਕੁਲੈਕਟਰ ਰੇਟਾਂ ਵਿੱਚ ਵਾਧਾ ਕਰਨਾ ਚਾਹੁੰਦੇ ਹਨ , ਜੋ ਕਿ ਸਰਾਸਰ ਧੱਕਾ ਹੋਵੇਗਾ।

NO COMMENTS