ਫਗਵਾੜਾ 25 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸ਼ਹਿਰ ‘ਚ ਵਿਕਾਸ ਹੋਇਆ, ਕੋਈ ਅੱਤਕਥਨੀ ਨਹੀਂ। ਕਈ ਵਾਰ ਨੇੜੇ ਹੀ ਵਿਕਾਸ ਦੀ ਪੋਲ ਖੋਲ੍ਹਦੀ ਤਸਵੀਰ ਮਿਲ ਜਾਂਦੀ ਹੈ। ਇਹ ਵਿਅੰਗਮਈ ਟਿੱਪਣੀ ਸਥਾਨਕ ਫਰੈਂਡਜ ਕਲੋਨੀ ਦੀ ਗਲੀ ਨੰਬਰ 8 ਦੇ ਵਸਨੀਕਾਂ ਨੇ ਅੱਜ ਕਾਪੋਰੇਸ਼ਨ ਅਤੇ ਪੰਜਾਬ ਸਰਕਾਰ ਦੀ ਕਾਰਜਸ਼ੈਲੀ ‘ਤੇ ਸਵਾਲ ਖੜੇ ਕਰਦਿਆਂ ਰੋਹ ਭਰੇ ਲਹਿਜੇ ਵਿਚ ਕੀਤੀ। ਇਸ ਮੌਕੇ ਸੂਬੇਦਾਰ ਸੰਤੋਖ ਸਿੰਘ, ਧਰਮਿੰਦਰ ਪਟਵਾਰੀ, ਸੂਬੇਦਾਰ ਜੀਤ ਦਾਸ ਅਤੇ ਸਾਹਿਤਕਾਰ ਆਰ.ਐਲ. ਜੱਸੀ ਸਮੇਤ ਗਲੀ ਨੰਬਰ 8 ਦੇ ਸਮੂਹ ਵਸਨੀਕਾਂ ਨੇ ਦੱਸਿਆ ਕਿ ਫਰੈਂਡਜ ਕਲੋਨੀ ਦੀਆਂ ਤਕਰੀਬਨ ਸਾਰੀਆਂ ਗਲੀਆਂ ਪੱਕੀਆਂ ਕੀਤੀਆਂ ਜਾ ਚੁੱਕੀਆਂ ਹਨ। ਕਈ ਗਲੀਆਂ ਤਾਂ ਅਜਿਹੀਆਂ ਵੀ ਪੱਕੀਆਂ ਬਣ ਗਈਆਂ ਹਨ ਜਿਹਨਾਂ ਵਿਚ ਨਾਮ ਮਾਤਰ ਦੀ ਹੀ ਵਸੋਂ ਹੈ ਪਰ ਕਾਰਪੋਰੇਸ਼ਨ ਫਗਵਾੜਾ ਵਲੋਂ ਇਸ ਗੱਲੀ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਆਰ.ਐਲ. ਜੱਸੀ ਨੇ ਦੱਸਿਆ ਕਿ ਇਹ ਮਸਲਾ ਸਥਾਨਕ ਐਮ.ਐਲ.ਏ., ਸੱਤਾ ਧਿਰ ਦੇ ਹਲਕਾ ਇੰਚਾਰਜ ਸਮੇਤ ਕਾਰਪੋਰੇਸ਼ਨ ਦੇ ਵੱਡੇ ਅਧਿਕਾਰੀਆਂ ਦੇ ਧਿਆਨ ਵਿਚ ਲਿਖਤੀ ਰੂਪ ‘ਚ ਲਿਆਏ ਜਾਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੋਂ ਤੱਕ ਕਿ ਇਸ ਗਲੀ ਦੇ ਵਸਨੀਕ ਵਾਟਰ ਸਪਲਾਈ ਅਤੇ ਸਟਰੀਟ ਲਾਈਟਾਂ ਵਰਗੀ ਮੁਢਲੀ ਸਹੂਲਤ ਤੋਂ ਵੀ ਵਾਂਝੇ ਹਨ। ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਗਲੀ ਦੇ ਵਸਨੀਕਾਂ ਨਾਲ ਮਤਰੇਈ ਮਾਂ ਸਲੂਕ ਬੰਦ ਕੀਤਾ ਜਾਵੇ ਅਤੇ ਪੱਕੀ ਗਲੀ, ਵਾਟਰ ਸਪਲਾਈ ਤੇ ਸਟਰੀਟ ਲਾਈਟਾਂ ਦੀ ਮੁਢਲੀ ਸਹੂਲਤ ਮੁਹੱਈਆ ਕਰਵਾਈ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਗਲੀ ਦੇ ਵਸਨੀਕਾਂ ਨੇ ਰੋਸ ਭਰੇ ਲਹਿਜੇ ਵਿਚ ਕਿਹਾ ਕਿ ਵਿਕਾਸ ਦੇ ਕੰਮ ਪੂਰੇ ਨਾ ਹੋਣ ਦੀ ਸੂਰਤ ਵਿਚ ਕਾਰਪੋਰੇਸ਼ਨ ਚੋਣਾਂ ਦਾ ਬਾਇਕਾਟ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ,ਹਰਜਿੰਦਰ ਸਿੰਘ ਬੱਲ, ਦਵਿੰਦਰ ਸਿੰਘ, ਸੰਤੋਖ ਸਿੰਘ ਬਸਰਾ, ਗਿਆਨ ਚੰਦ ਸਮੇਤ ਗਲੀ ਦੇ ਹੋਰ ਪਤਵੰਤੇ ਵੀ ਹਾਜਰ ਸਨ।