*ਸ਼ਹਿਰਵਾਸੀ ਸੜਕਾਂ ਵਿਚ ਪਏ ਟੋਇਆਂ ਨੂੰ ਚੂਨਾ ਪਾ ਕੇ ਨਾਪਣ ਲੱਗੇ – ਵੁਆਇਸ ਆਫ ਮਾਨਸਾ ਸੰਸਥਾ ਦੀ ਪਹਿਲ*

0
129

ਮਾਨਸਾ 03 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਸ਼ਹਿਰ ਦੀਆਂ ਵੱਖ ਵੱਖ ਸਮੱਸਿਆਵਾਂ ਦੇ ਹੱਲ ਲਈ ਤਤਪਰ ਸਮਾਜਿਕ ਸੰਸਥਾ ਵੁਆਇਸ ਆਫ ਮਾਨਸਾ ਵਲੋਂ ਬੀਤੇ ਦਿਨੀਂ ਜਿੱਥੇ ਮਾਨਸਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੇ ਵਿੱਚ ਥਾਂ ਥਾਂ ਤੇ ਪਏ ਟੋਇਆਂ ਦੀ ਫੌਰਨ ਮੁਰੰਮਤ ਕੀਤੇ ਜਾਣ ਦੀ ਮੰਗ ਕੀਤੀ ਸੀ, ਉੱਥੇ ਨਾਲ ਹੀ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਵਿਚ ਮੈਂਬਰਾਂ ਵਲੋਂ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੇ ਪਏ ਟੋਇਆਂ ਦੇ ਆਲੇ ਦੁਆਲੇ ਸਫੈਦ ਚੂਨਾ ਪਾ ਕੇ ਉਹਨਾਂ ਦੀ ਮਿਣਤੀ ਕੀਤੀ ਜਾ ਰਹੀ ਹੈ। ਇਸ ਪਹਿਲ ਨਾਲ ਆਮ ਲੋਕ ਵੀ ਇਹਨਾਂ ਟੋਇਆਂ ਨੂੰ ਭਰਨ ਦੀ ਮੰਗ ਕਰਨ ਲੱਗੇ ਹਨ।

ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਪ੍ਰਜੈਕਟ ਚੇਅਰਮੈਨ ਨਰਿੰਦਰ ਸਿੰਘਲ ਨੇ ਦੱਸਿਆ ਕੇ ਸ਼ਹਿਰ ਦੇ ਅੰਦਰ ਰੇਲਵੇ ਫਾਟਕ, ਕਚਿਹਰੀ ਰੋਡ, ਗ੍ਰੀਨ ਵੈਲੀ ਰੋਡ ਅਤੇ ਰੇਲਵੇ ਅੰਡਰ ਬ੍ਰਿਜ ਦੇ ਆਲੇ ਦੁਆਲੇ ਦੀਆਂ ਸੜਕਾਂ ਦਾ ਬੁਰਾ ਹਾਲ ਦੇਖਕੇ ਪ੍ਰਸ਼ਾਸ਼ਨ ਵਲੋਂ ਹੁਣ ਤੱਕ ਵਰਤੀ ਜਾ ਰਹੀ ਅਣਗਿਹਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮੁਹਿੰਮ ਸੋਸ਼ਲ ਮੀਡੀਆ ਅਤੇ ਹੋਰ ਮਾਧੀਅਮਾਂ ਰਾਹੀਂ ਪ੍ਰਦਰਸ਼ਨ ਕਰਨ ਲਈ ਸ਼ੁਰੁ ਕੀਤੀ ਗਈ ਹੈ। ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਅਨਾਜ਼ ਮੰਡੀ ਤੋਂ ਲੈ ਕੇ ਗ੍ਰੀਨ ਵੈਲੀ ਰੋਡ ਅਤੇ ਐਫ ਸੀ ਆਈ ਦਫਤਰ ਅੱਗੋ ਸ਼ਹਿਰ ਵਿਚ ਆਉਦੀਆਂ ਮੁੱਖ ਸੜਕਾਂ ਵਿਚ ਬਹੁਤ ਜਗ੍ਹਾ ਤੇ ਟੋਏ ਪਏ ਹਨ ਜੋ ਸੀਨੀਅਰ ਸਿਟੀਜ਼ਨ ਅਤੇ ਸਕੂਲੀ ਬੱਚਿਆਂ ਲਈ ਵੱਡੀਆਂ ਮੁਸੀਬਤਾਂ ਪੈਦਾ ਕਰ ਰਹੇ ਹਨ।

ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆ ਅਤੇ ਸੰਸਥਾ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਕਿਹਾ ਕਿ  ਮਾਨਸਾ ਖੁਰਦ ਤੋਂ ਲੈ ਕੇ ਕਚਿਹਰੀਆਂ ਤੱਕ ਜਾਂਦੀ ਵੀ ਆਈ ਪੀ ਰੋਡ ਦਾ ਵੀ ਬੁਰਾ ਹਾਲ ਹੈ ਅਤੇ ਚਕੇਰੀਆਂ ਫਾਟਕ ਸਮੇਤ ਨਹਿਰੀ ਸੂਏ ਦੇ ਨਾਲ ਨਾਲ ਜਾਂਦੀ ਸੜਕ ਦਾ ਵੀ ਬਹੁਤ ਬੁਰਾ ਹਾਲ ਹੈ। ਸੰਸਥਾ ਦੇ ਮੈਂਬਰ ਅਤੇ ਰੰਗ ਕਰਮੀ ਰਾਜ ਜੋਸ਼ੀ ਨੇ ਇਸ ਮੌਕੇ ਰੇਲਵੇ ਫਾਟਕ ਤੇ ਇਕ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।

ਬਿਕਰਮਜੀਤ ਸਿੰਘ ਟੈਕਸਲਾ ਨੇ ਇਸ ਮੌਕੇ ਕਿਹਾ ਕਿ ਸੜਕਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸ਼ਹਿਰ ਵਿਚ ਲੇ ਵਪਾਰ ਤੇ ਵੀ ਅਸਰ ਪੈ ਰਿਹਾ ਹੈ। ਦੋ ਦਿਨ ਲਗਾਤਾਰ ਚੱਲੀ ਇਸ ਮੁਹਿੰਮ ਤਹਿਤ ਸ਼ਹਿਰ ਵਿਚਲੀਆਂ ਮੁੱਖ ਸੜਕਾਂ ਦੇ ਸਾਰੇ ਟੋਇਆਂ ਦੇ ਆਲੇ ਦੁਆਲੇ ਚੂਨਾ ਪਾਏ ਜਾਣ ਨਾਲ ਇਸ ਬਾਰੇ ਲੋਕਾਂ ਵਿਚ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਅਤੇ ਲੋਕ ਆਪੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਮੱਸਿਆ ਨੂੰ ਉਜਾਗਰ ਕਰਨ ਲੱਗੇ ਹਨ। ਡਾ ਜਨਕ ਰਾਜ ਨੇ ਉਮੀਦ ਜਿਤਾਈ ਹੈ ਕਿ ਪ੍ਰਸ਼ਾਸਨ ਵੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੇ ਹੱਲ ਲਈ ਕੋਈ ਕਾਰਵਾਈ ਜਲਦੀ ਕਰੇਗਾ। 

NO COMMENTS