*ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ , ਮਹਿਲਾਵਾਂ ਨੇ ਪੁੱਟ ਕੇ ਸੁੱਟਿਆ ਸ਼ਰਾਬ ਦਾ ਖੋਖਾ , ਕਿਹਾ – ਪਿੰਡ ‘ਚ ਨਹੀਂ ਖੁੱਲ੍ਹਣ ਦੇਵਾਂਗੇ ਠੇਕਾ*

0
48

ਰੋਪੜ  (ਸਾਰਾ ਯਹਾਂ/ਬਿਊਰੋ ਨਿਊਜ਼ ): ਰੋਪੜ ‘ਚ ਸ਼ਰਾਬ ਦੇ ਠੇਕੇ ਖਿਲਾਫ਼ ਮਹਿਲਾਵਾਂ ਦਾ ਗੁੱਸਾ ਫੁੱਟਿਆ ਹੈ ਅਤੇ ਗੁੱਸੇ ਵਿੱਚ ਆਈਆਂ ਔਰਤਾਂ ਨੇ ਡਾਂਗਾਂ ਨਾਲ ਸ਼ਰਾਬ ਦੇ ਖੋਖੇ ਨੂੰ ਭੰਨ ਦਿੱਤਾ ਹੈ। ਇਸ ਤੋਂ ਬਾਅਦ ਔਰਤਾਂ ਨੇ ਟੁੱਟੇ ਖੋਖੇ ਨੂੰ ਚੁੱਕ ਕੇ ਖੇਤਾਂ ਵਿੱਚ ਸੁੱਟ ਦਿੱਤਾ ਹੈ। ਔਰਤਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਇੱਥੇ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਣ ਦੇਣਗੇ। ਇਹ ਸ਼ਰਾਬ ਦਾ ਠੇਕਾ ਰੋਪੜ ਦੇ ਨੂਰਪੁਰ ਬੇਦੀ ਰੋਡ ‘ਤੇ ਪਿੰਡ ਮੋਠਾਪੁਰ ‘ਚ ਖੋਲ੍ਹਿਆ ਜਾ ਰਿਹਾ ਸੀ। ਪਿੰਡ ਦੀ ਸਰਪੰਚ ਬਲਵਿੰਦਰ ਕੌਰ ਦੀ ਅਗਵਾਈ ਹੇਠ ਔਰਤਾਂ ਨੇ ਇਸ ਦਾ ਵਿਰੋਧ ਕੀਤਾ। ਔਰਤਾਂ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ। ਇਸ ਦੇ ਬਾਵਜੂਦ ਇੱਥੇ ਠੇਕੇ ਲਈ ਖੋਖਾ ਲਿਆ ਕੇ ਰੱਖ ਦਿੱਤਾ। ਜਦੋਂ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।
ਬਲਵਿੰਦਰ ਕੌਰ ਸਰਪੰਚ, ਗੁਰਮੀਤ ਸਿੰਘ, ਰਜਿੰਦਰ ਸਿੰਘ, ਹਰਬੰਸ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ’ਤੇ ਪੂਰੇ ਪਿੰਡ ਦੀ ਜ਼ਮੀਨ ਆਉਂਦੀ ਹੈ। ਔਰਤਾਂ ਵੀ ਇੱਥੇ ਕੰਮ ਕਰਨ ਲਈ ਆਉਂਦੀਆਂ ਹਨ ਅਤੇ ਬੱਚੇ ਇਸ ਸੜਕ ਤੋਂ ਪੜ੍ਹਾਈ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਹਨ। 4-5 ਦਿਨ ਬਾਅਦ ਵੀ ਜਦੋਂ ਠੇਕੇਦਾਰ ਨੇ ਇਸ ਨੂੰ ਨਹੀਂ ਚੁੱਕਿਆ ਤਾਂ ਉਨ੍ਹਾਂ ਨੇ ਖੁਦ ਹੀ ਇਸ ਨੂੰ ਹਟਾ ਕੇ ਸੁੱਟ ਦਿੱਤਾ। 
ਪਿੰਡ ਵਾਸੀਆਂ ਨੇ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਠੇਕੇਦਾਰ ਨੇ ਆਉਣ ਵਾਲੇ ਦਿਨਾਂ ਵਿੱਚ ਉਕਤ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਓਧਰ ਐਕਸਾਈਜ਼ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਿੱਚ ਰੋਸ ਹੈ। ਜਿਸ ਕਾਰਨ ਇੱਥੇ ਸ਼ਰਾਬ ਦਾ ਠੇਕਾ ਲਗਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਇੱਥੇ ਸ਼ਰਾਬ ਦਾ ਨਵਾਂ ਠੇਕਾ ਨਹੀਂ ਖੁੱਲ੍ਹੇਗਾ।

NO COMMENTS