ਘਰ ਬੈਠੇ ਲੱਖਾਂ ਵਿਦਿਆਰਥੀਆਂ ਲਈ ਦੂਰਦਰਸ਼ਨ ਦਾ ਸਿੱਖਿਆ ਪ੍ਰਸਾਰਣ ਅੱਜ ਤੋਂ ਹੋਇਆ ਸ਼ੁਰੂ

0
68

ਮਾਨਸਾ 16 ਅਪ੍ਰੈਲ(ਸਾਰਾ ਯਹਾ/ ਬਲਜੀਤ ਸ਼ਰਮਾ) :ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਦੂਰਦਰਸ਼ਨ ਦੇ ਸਾਂਝੇ ਯਤਨਾਂ ਸਦਕਾ ਅੱਜ ਪੰਜਾਬ ਭਰਦੇ ਲੱਖਾਂ ਵਿਦਿਆਰਥੀਆਂ ਨੇ
ਡੀ ਡੀ ਪੰਜਾਬੀ ਚੈੱਨਲ ਤੋਂ ਅਪਣੇ ਵਿਸ਼ਾ ਮਾਹਿਰ ਅਧਿਆਪਕਾਂ ਦੇ ਪ੍ਰਭਾਵਸ਼ਾਲੀ ਤੇ ਦਿਲਚਸਪ ਪਾਠਕ੍ਰਮ ਨੂੰ ਘਰ ਬੈਠਕੇ ਸੁਣਿਆਂ । ਅੱਜ ਸਵੇਰ ਵੇਲੇ ਨੋਵੀਂ ਤੋਂ ਦਸਵੀਂ ਅਤੇ ਬਾਅਦ ਦੁਪਹਿਰ ਤੀਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਦੇ ਸਿਲੇਬਸ ਅਧਾਰਿਤ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਗਿਆ। ਸਿੱਖਿਆ ਵਿਭਾਗ ਦੇ ਇਸ ਉਪਰਾਲੇ ਕਾਰਨ ਪੇਂਡੂ ਖਿਤੇ ਦੇ ਵਿਦਿਆਰਥੀ ਹੋਰ ਵੀ ਖੁਸ਼ ਨਜ਼ਰ ਆ ਰਹੇ ਸਨ ਕਿ ਹਰ ਘਰ ਤੱਕ ਦੂਰਦਰਸ਼ਨ ਦੀ ਪਹੁੰਚ ਹੋਣ ਕਾਰਨ ਉਨ੍ਹਾਂ ਲਈ ਇਹ ਸਿੱਖਿਆ ਹੋਰ ਵੀ ਵਰਦਾਨ ਸਾਬਤ ਹੋਵੇਗੀ।
ਵਿਭਾਗ ਦੇ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਤੋਂ ਪਹਿਲਾ ਸੱਤਵੀਂ, ਅੱਠਵੀਂ ਕਲਾਸਾਂ ਲਈ ਐਨ ਸੀ ਈ ਆਰ ਟੀ ਰਾਹੀਂ ਡੀ ਟੀ ਐੱਚ ਚੈੱਨਲ ਸਵੈਮ ਪ੍ਰਭੂ ਰਾਹੀਂ ਵਿਭਾਗ ਵੱਲ੍ਹੋ ਇਹ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਮੋਬਾਈਲ,ਯੂ ਟਿਊਬ ਚੈੱਨਲ, ਰੇਡੀਓ, ਐਜੂਸੈੱਟ, ਗੂਗਲ ਡਰਾਇਵ ਅਤੇ ਹੋਰ ਸਾਧਨਾਂ ਰਾਹੀ ਸਿੱਖਿਆ ਵਿਭਾਗ ਵੱਲ੍ਹੋ ਨਵੇਂ ਸ਼ੈਸਨ ਤੋਂ ਹੀ ਆਨਲਾਈਨ ਸਿੱਖਿਆ ਦਾ ਮੁੱਢ ਬੰਨ ਦਿੱਤਾ ਗਿਆ ਸੀ।


ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੀਤੇ ਦਿਨੀਂ ਇਕੋ ਸਮੇਂ ਪੰਜਾਬ ਦੇ 3500 ਤੋਂ ਵੱਧ ਸਕੂਲ ਮੁੱਖੀਆਂ ਅਤੇ ਸਿੱਖਿਆ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕਰਦਿਆਂ ਦੂਰਦਰਸ਼ਨ ਰਾਹੀਂ ਘਰ ਘਰ ਲੱਖਾਂ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਬਾਰੇ ਉਤਸ਼ਾਹਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਸਨ,ਉਸ ਨੇ ਸੂਬੇ ਭਰ ਚ ਐਸਾ ਮਹੌਲ ਬਣਾਇਆ ਕਿ ਅੱਜ ਹਰ ਘਰ ਚ ਵਿਦਿਆਰਥੀਆਂ ਨੇ ਪੂਰੀ ਦਿਲਚਸਪੀ ਨਾਲ ਦੂਰਦਰਸ਼ਨ ਤੋਂ ਇਹ ਸਿੱਖਿਆ ਪ੍ਰੋਗਰਾਮ ਦੇਖੇ,ਸੁਣੇ।
ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਨੇ ਜਿਥੇਂ ਕਰੋਨਾ ਵਾਇਰਸ ਦੇ ਲਾਕਡਾਊਨ ਦੌਰਾਨ ਬੱਚਿਆਂ ਅਤੇ ਮਾਪਿਆਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਲਈ ਵੱਡਾ ਉਪਰਾਲਾ ਕੀਤਾ, ਉਥੇਂ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਹੀ ਰਾਜ ਭਰ ਦੇ ਸਰਕਾਰੀ ਸਕੂਲਾਂ ਚ ਆਨਲਾਈਨ ਸਿੱਖਿਆ ਦਾ ਪ੍ਰਬੰਧ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਸੀ, ਉਨ੍ਹਾਂ ਰਾਜ ਭਰ ਦੇ ਸਰਕਾਰੀ ਸਕੂਲ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਕਰੋਨਾ ਦੀ ਔਖੀ ਘੜੀ ਦੌਰਾਨ ਹਾਈਟੈੱਕ ਤਕਨੀਕਾਂ ਦੀ ਵਰਤੋਂ ਕਰਦਿਆਂ ਸੋਖੇ ਰੂਪ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਿਆ। ਉਨ੍ਹਾਂ ਦੱਸਿਆ ਕਿ
ਬਾਕੀ ਦੀਆਂ ਕਲਾਸਾਂ ਲਈ ਵੀ ਦੂਰਦਰਸ਼ਨ ਅਤੇ ਹੋਰ ਚੈਨਲਾਂ ਤੇ ਸਿੱਖਿਆ ਦੇਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਟੀ ਵੀ ਚੈਨਲਾਂ ਲਈ ਲੈਕਚਰਾਰ ਵਿਸ਼ਾ ਮਾਹਿਰ ਅਧਿਆਪਕਾਂ ਵੱਲ੍ਹੋਂ ਤਿਆਰ ਕੀਤੇ ਗਏ ਹਨ ਅਤੇ ਘਰ ਬੈਠੇ ਵਿਦਿਆਰਥੀਆਂ ਅਧਿਆਪਕਾਂ ਤੋ ਬਿਨਾਂ ਹਰ ਗੱਲ ਸਮਝ ਸਕਣ, ਇਸ ਕਰਕੇ ਹਰ ਲੈਕਚਰਾਰ ਦੀ ਸਰਲਤਾ ਅਤੇ ਸ਼ੁੱਧ ਭਾਸ਼ਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੀ ਹਰ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੀ ਨੀਤੀ ਅਤੇ ਆਨਲਾਈਨ ਸਿੱਖਿਆ ਦੇ ਸਫਲ ਤਜਰਬੇ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਡੀ ਪੱਧਰ ਤੇ ਆਨਲਾਈਨ ਦਾਖਲੇ ਹੋ ਰਹੇ ਹਨ,ਜਿਨ੍ਹਾਂ ਵਿੱਚ ਵੱਡੀ ਗਿਣਤੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਹੈ।
ਕਰੋਨਾ ਸੰਕਟ ਦੌਰਾਨ ਭਾਵੇ ਜ਼ਿੰਦਗੀ ਠਹਿਰ ਗਈ ਸੀ ਅਤੇ ਹਰ ਵਿਭਾਗ ਦੀਆਂ ਸਰਗਰਮੀਆਂ ਨੂੰ ਬਰੇਕ ਲੱਗ ਗਈ ਸੀ ਪਰ ਜ਼ੂਮ ਯੰਤਰ ਸਿੱਖਿਆ ਵਿਭਾਗ ਲਈ ਵਰਦਾਨ ਸਾਬਤ ਹੋਇਆ ਜਿਸ ਤਹਿਤ ਰਾਜ ਭਰ ਚ ਆਨਲਾਈਨ ਸਿੱਖਿਆ ਤੇ ਹੋਈ ਯੋਜਨਾਬੰਦੀ ਅਤੇ ਬਾਅਦ ਵਿੱਚ ਨਵੇਂ ਆਨਲਾਈਨ ਦਾਖਲਿਆਂ ਤੇ ਹੋਈ ਵਿਉਂਤਬੰਦੀ ਨੇ ਸਰਕਾਰੀ ਸਕੂਲਾਂ ਦੇ ਅੱਛੇ ਦਿਨ ਲਿਆ ਦਿੱਤੇ ਹਨ।
ਸਿੱਖਿਆ ਮਾਹਿਰ ਇਸ ਗੱਲੋਂ ਵੀ ਹੈਰਾਨ ਸਨ ਕਿ ਜਦੋਂ ਅਚਨਚੇਤ ਸਭ ਤਰ੍ਹਾਂ ਦੇ ਸਿਸਟਮ ਨੂੰ ਬਰੇਕ ਲੱਗ ਗਈ ਹੋਵੇ ਉਸ ਔਖੀ ਘੜ੍ਹੀ ਦੌਰਾਨ ਸਿੱਖਿਆ ਵਿਭਾਗ ਨੇ ਕਿਵੇ ਹਰ ਮੁਹਿੰਮ ਨੂੰ ਫਤਹਿ ਕੀਤਾ ਅਤੇ ਹੁਣ ਦੂਰਦਰਸ਼ਨ ਤੇ ਟੈਲੀਕਾਸਟ ਕੀਤੇ ਜਾਂਦੇ ਪ੍ਰੋਗਰਾਮ ਕਰਕੇ ਅਨੇਕਾਂ ਮਾਪਿਆਂ ਦਾ ਸਰਕਾਰੀ ਸਕੂਲਾਂ ਚ ਭਰੋਸਾ ਵਧ ਰਿਹਾ ਹੈ।

NO COMMENTS