ਸਰਦੂਲਗੜ੍ਹ7,ਦਸੰਬਰ (ਸਾਰਾ ਯਹਾ / ਬਪਸ): ਪਿੰਡ ਬਚਾਓ ਪੰਜਾਬ ਬਚਾਓ ਮੰਚ ਦੁਆਰਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਚੱਲਿਆ ਹੋਇਆ ‘ਪੰਜਾਬ ਬਚਾਓ ਕਾਫ਼ਲਾ’ ਅੱਜ ਸਰਦੂਲਗੜ੍ਹ ਪਹੁੰਚਿਆ। ਇਸ ਕਾਫਲੇ ਨੇ ਸਰਦੂਲਗੜ੍ਹ ਤੋਂ ਇਲਾਵਾ ਹਲਕੇ ਦੇ ਪਿੰਡ ਜੌੜਕੀਆਂ, ਜਟਾਣਾ ਅਤੇ ਫੱਤਾ ਮਾਲੋਕਾ ਵਿਖੇ ਵੀ ਆਪਣੇ ਪ੍ਰੋਗਰਾਮ ਤਹਿਤ ਲੋਕਾਂ ਨਾਲ ਪੰਜਾਬ ਦੇ ਅਸਲੀ ਤੇ ਧਰਤ ਨਾਲ਼ ਜੁੜੇ ਹੋਏ ਮੁੱਦਿਆਂ ਬਾਰੇ ਸੰਵਾਦ ਰਚਾਏ। ਕਾਫ਼ਲੇ ਵਿਚ ਸਾਮਲ ਗਿਆਨੀ ਕੇਵਲ ਸਿੰਘ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਕਰਨੈਲ ਸਿੰਘ ਜਖ਼ੇਪਲ਼, ਪ੍ਰੋਫੈਸਰ ਬਿੱਕਰਜੀਤ ਸਿੰਘ ਸਾਧੂਵਾਲਾ, ਦਰਸ਼ਨ ਸਿੰਘ ਧਨੇਠਾ, ਮਲਕੀਤ ਸਿੰਘ, ਕਿਰਨਜੀਤ ਕੌਰ ਝੁਨੀਰ ਆਦਿ ਬੁਲਾਰਿਆਂ ਨੇ ਕਿਹਾ ਕਿ ਇਹ ਕਾਫਲਾ ਸੂਬੇ ਭਰ ਵਿੱਚ ਜਾਗਰਤੀ ਫੈਲਾਉਣ ਵਾਸਤੇ, ਲੋਕਾਂ ਨੂੰ ਪੰਜਾਬ ਨੂੰ ਬਚਾਉਣ ਵਾਸਤੇ, ਆਪਣੇ ਪਿੰਡਾਂ ਨੂੰ ਬਚਾਉਣ ਵਾਸਤੇ ਔਰਤਾਂ, ਮਰਦਾਂ, ਗੱਭਰੂਆਂ, ਮੁਟਿਆਰਾਂ ਵੱਖ-ਵੱਖ ਕਿੱਤਿਆਂ ਦੇ ਲੋਕਾਂ ਅਤੇ ਵੱਖ ਵੱਖ ਤਬਕਿਆਂ ਦੀ ਲਾਮਬੰਦੀ ਕਰਨ ਦੇ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਰਿਹਾ ਹੈ। ਬਲਾਰਿਆਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਖੁਦਮੁਖਤਿਆਰੀ (ਫੈਡਰੇਲਿਜ਼ਮ) ਦੀ ਮੰਗ ਵਿੱਚ ਅਤੇ ਪਹਿਲਾਂ ਹੀ ਮਿਲੇ ਅਧਿਕਾਰਾਂ ਨੂੰ ਖੋਹੇ ਜਾਣ ਦੇ ਵਿਰੋਧ ਵਿੱਚ ਉਹ ਇਹ ਕਾਫਲਾ ਲੈ ਕੇ ਆਏ ਹਨ। ਇਸ ਪੰਜਾਬ-ਹਿਤੈਸ਼ੀ ਕਾਰਜ ਵਿੱਚ ਉਨ੍ਹਾਂ ਸਭਨਾਂ ਦੇ ਸਾਥ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਕਾਨੂੰਨਾਂ, ਬਿਜਲੀ ਦੇ ਤਜਵੀਜ਼ਤ ਕਾਨੂੰਨ ਅਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੀ ਆੜ ਹੇਠ ਲਿਆਂਦੇ ਆਰਡੀਨੈਂਸ ਨੇ ਪੰਜਾਬ ਦੀ ਖੇਤੀ, ਵਪਾਰ, ਅਤੇ ਆਵਾਜਾਈ ਦੀ ਸੇਵਾਵਾਂ ਖੋਹ ਕੇ ਕਿਸਾਨਾਂ, ਮਜਦੂਰਾਂ, ਵਪਾਰੀਆਂ, ਆੜਤੀਆਂ, ਪੱਲੇਦਾਰਾਂ, ਰੁੇਹੜੀ ਰਿਕਸ਼ਾ ਵਾਲਿਆਂ ਅਤੇ ਦੁਕਾਨਦਾਰਾਂ ਦਾ ਰੁਜ਼ਗਾਰ ਖੋਹ ਲੈਣ ਦਾ ਰਸਤਾ ਸਾਫ ਕਰ ਦਿੱਤਾ ਹੈ। ਕਾਫਲੇ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਚਲੰਤ ਕਿਸਾਨ-ਸੰਘਰਸ਼ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ, ਦਲਿਤਾਂ ਅਤੇ ਹੋਰ ਕਮਜ਼ੋਰ ਵਰਗਾਂ ਵਿੱਚ ਚੇਤਨਾ ਫੈਲਾਅ ਕੇ ਜਥੇਬੰਦ ਕਰਨਾ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਉਪਰ ਵੱਜਦੇ ਡਾਕੇ ਰੋਕਣ ਲਈ ਉਨ੍ਹਾਂ ਨੂੰ ਸਰਗਮ ਕਰਨਾ ਜ਼ਰੂਰੀ ਹੈ। ਇਸ ਮੌਕੇ ਸ਼ਾਮਲ ਲੋਕਾਂ ਨੇ ਅਕਾਸ਼ ਗੁੰਜਾਊ ਜੈਕਾਰਿਆਂ ਅਤੇ ਨਾਹਰਿਆਂ ਦੇ ਵਿੱਚ ਹੋਕਾ ਦਿੱਤਾ ‘ਆਓ ਪੰਜਾਬ ਦੇ ਵਾਰਸ ਬਣੀਏ, ਜੁਆਨੀ ਦੇ ਸੁਪਨੇ ਮਰਨ ਨਾ ਦੇਈਏ। ਇਸ ਮੌਕੇ ਮੇਜਰ ਸਿੰਘ ਖਾਲਸਾ, ਲਖਵੀਰ ਸਿੰਘ, ਜਗਸੀਰ ਸਿੰਘ ਮੀਰਪੁਰ, ਮਨਦੀਪ ਸਿੰਘ ਆਦਿ ਹਾਜਰ ਸਨ।