*ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ 24 ਕੈਟਾਗਿਰੀਆ ਲਈ ਅੜੀਅਲ ਵਤੀਰੇ ਦੇ ਵਿਰੋਧ ‘ਚ ਵੱਡੇ ਐਕਸ਼ਨਾਂ ਦਾ ਐਲਾਨ*

0
82

ਮਾਨਸਾ, 5 ਅਗਸਤ  (ਸਾਰਾ ਯਹਾਂ/ਅਮਨ ਮਹਿਤਾ ): ਇਤਿਹਾਸ ਗਵਾਹ ਹੈ ਕਿ ਜਿਵੇਂ ਹੀ ਕਿਸੇ ਰਾਜ ਅੰਦਰ ਕਿਸੇ  ਚੌਣਾਂ ਦਾ ਸਮਾਂ ਨਜ਼ਦੀਕ ਆ ਜਾਂਦਾ ਹੈ, ਤਾਂ ਸਰਕਾਰ ਹਰ ਹੀਲੇ ਵਸੀਲੇ ਵਰਤ ਕੇ ਕਿਵੇਂ ਨਾ ਕਿਵੇਂ ਕਰਕੇ ਆਪਣੇ ਰਾਜ ਦੇ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ, ਕਿਉਂ ਕਿ ਸਰਕਾਰ ਜਾਣਦੀ ਹੁੰਦੀ ਹੈ ਕਿ ਹਰ ਸਰਕਾਰ ਲਈ ਇੱਕ ਮੁਲਾਜ਼ਮ ਵਰਗ ਇੱਕ ਅਹਿਮ ਕੜੀ ਹੁੰਦਾ ਹੈ। ਪ੍ਰੰਤੂ ਪੰਜਾਬ ਰਾਜ ਵਿੱਚ ਇਹ ਸਭ ਕੁੱਝ ਉਲਟ ਵੇਖਣ ਨੂੰ ਮਿਲ ਰਿਹਾ ਹੈ, ਜਿਵੇਂ ਜਿਵੇਂ ਪੰਜਾਬ ਰਾਜ ਅੰਦਰ ਚੌਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਉਵੇਂ ਹੀ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਆਏ ਦਿਨ ਆਪਣੇ ਹਰ ਵਿਭਾਗ ਦੇ ਹਰ ਮੁਲਾਜ਼ਮਾਂ ਨੂੰ ਆਪਣੇ ਵਿਰੁੱਧ ਕਰ ਕੇ ਪੰਜਾਬ ਅੰਦਰ ਕਾਂਗਰਸ ਸਰਕਾਰ ਦਾ ਅੰਤ ਕਰਨ ਲਈ ਹੀ ਆਪਣੀ ਪੂਰੀ ਵਾਹ ਲਾ ਰਹੀ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਦੀ ਸਬ ਕੈਬਨਿਟ ਕਮੇਟੀ ਦੀ ਮੁਲਾਜ਼ਮ ਜੰਥੇਬੰਦੀਆਂ ਨਾਲ ਹੋਈ ਮੀਟਿੰਗ ਦੌਰਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ 24 ਕੈਟਾਗਿਰੀਜ਼ ਲਈ ਸਰਕਾਰ ਵੱਲੋਂ ਅੜੀਅਲ ਵਤੀਰੇ ਕਾਰਨ ਪੰਜਾਬ ਦਾ ਅਧਿਆਪਕ ਵਰਗ ਰੋਅ ਵਿੱਚ ਆ ਗਿਆ ਹੈ। ਪੰਜਾਬ ਰਾਜ ਅਧਿਆਪਕ ਗੱਠਜੋੜ ਨੇ ਇਸ ਨੂੰ ਕਰੜੇ ਹੱਥੀਂ ਲੈਂਦਿਆਂ ਸੂਬਾ ਹਕੂਮਤ ਵਿਰੁੱਧ ਤਿੱਖੇ ਐਕਸ਼ਨ ਉਲੀਕ ਦਿੱਤੇ ਹਨ। ਇਸ ਗੱਠਜੋੜ ਵਿੱਚ ਸ਼ਾਮਿਲ ਪੰਜਾਬ ਦੀ ਜੁਝਾਰੂ ਜੰਥੇਬੰਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਨੇ ਕਿਹਾ ਕਿ 2006 ਦੇ ਪੇਅ ਕਮੀਸ਼ਨ ਤਹਿਤ ਅਕਤੂਬਰ 2011 ਵਿੱਚ ਪੇਅ ਸਕੇਲ ‘ਚ ਸਰਕਾਰ ਤੋਂ ਹੋਈ ਟੈਕਨੀਕਲ ਗਲਤੀ ਦੇ ਅਧਾਰ ਤੇ 3.01 ਗੁਣਾਂਕ ਤੇ ਪੇਅ ਕਮੀਸ਼ਨ ਲਾਗੂ ਕਰਵਾਉਣ ਲਈ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 6 ਤੇ 7 ਅਗਸਤ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ  ਵਿੱਤ ਮੰਤਰੀ ਤੇ ਪੰਜਾਬ ਸਰਕਾਰ ਦੇ ਪੁਤਲੇ ਅਧਿਆਪਕ ਗੱਠਜੋੜ ਵੱਲੋਂ ਫੂਕੇ ਕੇ 16 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਸਿੱਸਵਾਂ ਫਾਰਮ ਤੇ ਇੱਕ ਵੱਡਾ ਐਕਸ਼ਨ ਕਰ ਕੇ ਸਰਕਾਰ ਦੀ ਨੀਂਹ ਹਿਲਾਈ ਜਾਵੇਗੀ। ਇਸ ਤੋਂ ਬਾਅਦ 24 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੀ ਪੀ ਐਫ ਕਰਮਚਾਰੀਆਂ ਯੂਨੀਅਨ ਪੰਜਾਬ ਦੇ ਬੈਨਰ ਹੇਠ ਵਾਅਦਾ ਯਾਦ ਦਿਵਾਊ ਰੈਲੀ ਕਰ ਕੇ ਇੱਕ ਤਿੱਖਾ ਐਕਸ਼ਨ ਦਿੱਤਾ ਜਾਵੇਗਾ। ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਤੇ ਬਲਰਾਜ ਸਿੰਘ ਘਲੋਟੀ ਨੇ ਦੱਸਿਆ ਕਿ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਦੀਆਂ 24 ਕੈਟਾਗਿਰੀਜ਼ ਦੇ ਪੇਅ ਸਕੇਲਾਂ ਨੂੰ 2.25 ਗੁਣਾਂਕ ਨੂੰ ਅਧਿਆਪਕ ਜੰਥੇਬੰਦੀਆਂ ਨੇ ਪੰਜਾਬ ਭਵਨ ਵਿਖੇ ਹੋਈਆਂ ਵੱਖ ਵੱਖ ਮੀਟਿੰਗਾਂ ਵਿੱਚ ਮੁੱਢ ਤੋਂ ਹੀ ਨਕਾਰ ਦਿੱਤਾ ਸੀ। ਇਸ ਮੌਕੇ ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ 16 ਅਗਸਤ ਨੂੰ ਸਿੱਸਵਾਂ ਫਾਰਮ ਵਿਖੇ ਅਤੇ 24 ਅਗਸਤ ਨੂੰ ਪਟਿਆਲਾ ਵਿਖੇ ਉਹ ਇੱਕ ਅਜਿਹਾ ਵੱਡਾ ਐਕਸ਼ਨ ਕਰਨਗੇ, ਜੋ ਅੱਜ ਤੱਕ ਕਿਸੇ ਸਰਕਾਰ ਨੇ ਸੋਚਿਆ ਵੀ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਉਹ ਹਰ ਹਾਲਤ ਵਿੱਚ ਆਪਣਾ ਪੂਰਾ ਪੇਅ ਕਮੀਸ਼ਨ ਅਤੇ ਪੁਰਾਣੀ ਪੈਨਸ਼ਨ ਲੈ ਕੇ ਹੀ ਰਹਿਣਗੇ, ਭਾਵੇਂ ਉਨ੍ਹਾਂ ਨੂੰ ਜਿਹੜੀ ਵੀ ਹੱਦ ਪਾਰ ਕਰਨੀ ਹੋਵੇ, ਉਹ ਗੁਰੇਜ਼ ਨਹੀਂ ਕਰਨਗੇ, ਪੰਜਾਬ ਦਾ ਹਰ ਮੁਲਾਜ਼ਮ ਇਸ ਲਈ ਮੋਹਰੀ ਰੋਲ ਅਦਾ ਕਰੇਗਾ।

NO COMMENTS