*ਸਰਕਾਰ ਵਲੋਂ ਕੋਚਾਂ ਦੀਆਂ ਜਾਇਜ਼ ਮੰਗਾਂ ਸੁਹਿਰਦਤਾ ਨਾਲ ਵਿਚਾਰੀਆਂ ਜਾਣਗੀਆਂ: ਡਾਇਰੈਕਟਰ ਖੇਡ ਵਿਭਾਗ*

0
17

ਚੰਡੀਗੜ, 20 ਮਈ (ਸਾਰਾ ਯਹਾਂ/ਮੁੱਖ ਸੰਪਾਦਕ): ਖੇਡ ਵਿਭਾਗ ਦੀ ਪੰਜਾਬ ਕੋਚਜ਼ ਐਸੋਸੀਏਸ਼ਨ ਦੇ ਇੱਕ ਵਫ਼ਦ ਵਲੋਂ ਕੋਚਾਂ ਦੀਆਂ ਲੰਬਿਤ ਪਈਆਂ ਜਾਇਜ਼ ਮੰਗਾਂ ਵੱਲ ਧਿਆਨ ਦਿਵਾਉਣ ਦੇ ਮੱਦੇਨਜ਼ਰ ਅੱਜ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ.ਖਰਬੰਦਾ ਨਾਲ ਮੁਲਾਕਾਤ ਕੀਤੀ ਗਈ।
ਵਫ਼ਦ ਦੇ ਮੈਂਬਰਾਂ ਨਵਿੰਦਰ ਸਿੰਘ (ਪ੍ਰਧਾਨ), ਜਨਰਲ ਸੱਕਤਰ ਉਮੇਸ਼ ਸ਼ਰਮਾ, ਗੁਰਮੀਤ ਸਿੰਘ ਅਤੇ ਬਲਜੀਤ ਸਿੰਘ ਨੇ ਡਾਇਰੈਕਟਰ ਨੂੰ ਵਿਭਾਗ ਵਿੱਚ ਤਰੱਕੀਆਂ, ਤਾਇਨਾਤੀਆਂ ਅਤੇ ਤਬਾਦਲਿਆਂ ਸਬੰਧੀ ਲੰਬੇ ਸਮੇਂ ਤੋਂ ਲੰਬਿਤ ਪਈਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਇਆ। ਉਨਾਂ ਇਹ ਵੀ ਕਿਹਾ ਕਿ ਕੋਚ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਦੀ ਅਸੀਮ ਸਮਰੱਥਾ ਨੂੰ ਸਕਾਰਾਤਮਕ ਢੰਗ ਨਾਲ ਸੇਧ ਦੇਣ ਲਈ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਸੇਵਾਵਾਂ ਨਿਭਾ ਰਹੇ ਹਨ। ਵਫਦ ਨੇ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਕੋਚਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਕਿਉਂਕਿ ਇਸ ਨਾਲ ਡਿਊਟੀ ਹੋਰ ਵਧੇਰੇ ਉਤਸ਼ਾਹ ਨਾਲ ਨਿਭਾਉਣ ਲਈ ਉਹਨਾਂ ਦੇ  ਮਨੋਬਲ ਨੂੰ ਉੱਚਾ ਚੁੱਕਣ ਵਿੱਚ ਮਦਦ ਮਿਲੇਗੀ।

ਇਸ ਦੌਰਾਨ ਵਫਦ ਨਾਲ ਗੱਲਬਾਤ ਕਰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਸੂਬੇ ਭਰ ਦੇ ਕੋਚਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਪੂਰੀ ਹਮਦਰਦੀ ਨਾਲ ਉਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਵਿਚਾਰਿਆ ਜਾਵੇਗਾ। ਉਨਾਂ ਕਿਹਾ ਕਿ ਰਾਜ ਸਰਕਾਰ ਆਮ ਤੌਰ ‘ਤੇ ਅਤੇ ਵਿਸ਼ੇਸ਼ ਕਰਕੇ ਖੇਡ ਵਿਭਾਗ ਯੂਨੀਅਨ ਦੀਆਂ ਸਾਰੀਆਂ ਜਾਇਜ਼ ਮੰਗਾਂ ਪ੍ਰਤੀ ਪੂਰੀ ਤਰਾਂ ਸੁਹਿਰਦ ਹੈ। ਸ਼੍ਰੀ ਖਰਬੰਦਾ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਅਸੀਮ ਸਮਰੱਥਾ ਨੂੰ ਸਕਾਰਾਤਮਕ ਸੇਧ ਦੇ ਕੇ  ਪੰਜਾਬ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।

ਡਾਇਰੈਕਟਰ ਨੇ ਸਾਰੇ ਜੂਨੀਅਰ ਕੋਚਾਂ ਦੀ ਸੀਨੀਅਰਤਾ ਨੂੰ ਸਮਾਂਬੱਧ ਢੰਗ ਨਾਲ ਅੰਤਮ ਰੂਪ ਦੇਣ ਲਈ ਵਿਭਾਗੀ ਪ੍ਰਕਿਰਿਆ ਦਾ ਸਮਾਂ ਵੀ ਨਿਰਧਾਰਤ ਕੀਤਾ। ਉਨਾਂ ਕਿਹਾ ਕਿ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਪਹਿਲਾਂ ਹੀ ਨਿਰਦੇਸ਼ ਦੇ ਚੁੱਕੇ ਹਨ ਕਿ ਅਗਲੇ ਮਹੀਨੇ ਦੇ ਅੰਤ ਤੱਕ ਸਾਰੇ ਯੋਗ ਕੋਚਾਂ ਨੂੰ ਤਰੱਕੀ ਦਿੱਤੀ ਜਾਵੇ। ਸ੍ਰੀ ਖਰਬੰਦਾ ਨੇ ਕਿਹਾ ਕਿ ਇਸ ਸਬੰਧੀ ਵਿਭਾਗ ਵਲੋਂ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਡਾਇਰੈਕਟਰ ਨੇ ਕਿਹਾ ਕਿ ਤੰਦਰੁਸਤ ਅਤੇ ਸੇਧਪੂਰਨ ਸਮਾਜ ਦੀ ਸਿਰਜਣਾ ਵਿੱਚ ਕੋਚਾਂ ਦੀ  ਭੂਮਿਕਾ ਬਹੁਤ ਅਹਿਮ ਹੁੰਦੀ ਹੈ ਇਸ ਲਈ ਉਹਨਾਂ ਨੂੰ ਆਪਣੀ ਡਿਊਟੀ ਪੂਰੇ ਜੋਸ਼-ਓ-ਖ਼ਰੋਸ਼ ਨਾਲ ਨਿਭਾਉਂਦਿਆਂ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਨੇ ਕੋਵਿਡ ਮਹਾਂਮਾਰੀ ਦੇ ਖਾਤਮੇ ਤੋਂ ਬਾਅਦ ਸੂਬੇ ਵਿੱਚ ਖੇਡਾਂ ਸਬੰਧੀ ਗਤੀਵਿਧੀਆਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਵੀ ਕੋਚਾਂ ਨੂੰ ਅਪੀਲ ਕੀਤੀ। ਸ੍ਰੀ ਖਰਬੰਦਾ ਨੇ ਇਸ ਨੇਕ ਕੰਮ ਲਈ ਕੋਚਾਂ ਨੂੰ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਜੁਆਇੰਟ ਡਾਇਰੈਕਟਰ ਸਪੋਰਟਸ ਸ੍ਰੀ ਕਰਤਾਰ ਸਿੰਘ ਵੀ ਮੌਜੂਦ ਸਨ।    
————–

NO COMMENTS