*ਸਰਕਾਰ ਦੀਆਂ ਪਾਬੰਦੀਆਂ ਖਿਲਾਫ ਦੁਕਾਨਦਾਰਾਂ ਦੀ ਬਗਾਵਤ, ਕੈਪਟਨ ਨੂੰ ਸੌਂਪਣਗੇ ਦੁਕਾਨਾਂ ਦੀਆਂ ਚਾਬੀਆਂ*

0
139

ਲੁਧਿਆਣਾ 03 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਕੋਰੋਨਾ ਮਹਾਮਾਰੀ ਦੇ ਲਗਾਤਾਰ ਵੱਧਦੇ ਮਾਮਲਿਆਂ ਵਿਚਾਲੇ ਪੰਜਾਬ ਸਰਕਾਰ ਨੇ ਸਖਤੀ ਹੋਰ ਵਧਾ ਦਿੱਤੀ ਹੈ। ਅਜਿਹੇ ‘ਚ ਵਿਰੋਧ ਪ੍ਰਗਟਾਉਂਦਿਆਂ ਲੁਧਿਆਣਾ ਦੇ ਵਪਾਰੀਆਂ ਨੇ ਆਉਂਦੇ ਦਿਨਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਸੌਂਪਣ ਦਾ ਐਲਾਨ ਕੀਤਾ ਹੈ।

ਸਥਾਨਕ ਪ੍ਰਮੁੱਖ ਚੌੜਾ ਬਾਜ਼ਾਰ ਦੇ ਵਪਾਰੀਆਂ ਵੱਲੋਂ ਸੂਬਾ ਸਰਕਾਰ ਦੇ ਇਸ ਕਦਮ ਖਿਲਾਫ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਵਪਾਰੀ ਆਗੂ ਬਿੱਟੂ ਗੁੰਬਰ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਲਾਇਆ ਗਿਆ ਲੌਕਡਾਊਨ ਵਿਤਕਰੇ ਭਰਿਆ ਹੈ। ਇਸ ਤੋਂ ਵਧੀਆ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇੱਕ ਪਾਸੇ ਸਰਕਾਰ ਨੇ ਮੋਬਾਈਲਾਂ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਛੱਡੇ ਹੋਏ ਹਨ। ਜਦਕਿ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਬੰਦ ਹਨ।

ਉਨ੍ਹਾਂ ਕਿਹਾ ਸਾਡਾ ਰੋਜ਼ ਦਾ ਕਰੀਬ 4 ਤੋਂ 5 ਹਜ਼ਾਰ ਰੁਪਏ ਦਾ ਖਰਚਾ ਹੈ। ਵੱਡੀ ਗਿਣਤੀ ‘ਚ ਮੁਲਾਜ਼ਮ ਇੱਥੇ ਕੰਮ ਕਰਦੇ ਹਨ। ਜੇਕਰ ਉਹ ਨਹੀਂ ਕਮਾਉਣਗੇ, ਤਾਂ ਕਰਿਆਨੇ ਦੀਆਂ ਦੁਕਾਨਾਂ ਤੋਂ ਰਾਸ਼ਨ ਵੀ ਕਿਵੇਂ ਖਰੀਦਣਗੇ। ਉਨ੍ਹਾਂ ਐਲਾਨ ਕੀਤਾ ਕਿ ਆਉਂਦੇ ਦਿਨਾਂ ਦੌਰਾਨ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਚਾਬੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀਆਂ ਜਾਣਗੀਆਂ। ਇਸ ਤੋਂ ਇਲਾਵਾ, ਕੱਲ੍ਹ ਉਨ੍ਹਾਂ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲੇਗਾ।

ਕੱਪੜਾ ਕਾਰੋਬਾਰੀ ਅਮਨ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਲਾਏ ਲੌਕਡਾਊਨ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ। ਉਹ ਰੋਜ਼ਾਨਾ ਕਮਾ ਕੇ ਖਾਣ ਵਾਲੇ ਬੰਦੇ ਹਨ। ਅਜਿਹੇ ਹਾਲਾਤ ਵਿੱਚ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਕਿਵੇਂ ਦੇਣਗੇ ਤੇ ਦੁਕਾਨਾਂ ਦੇ ਕਿਰਾਏ ਕਿਵੇਂ ਭਰਨਗੇ? ਸਰਕਾਰ ਨੂੰ ਜ਼ਮੀਨੀ ਹਾਲਾਤ ਬਾਰੇ ਸੋਚਣਾ ਚਾਹੀਦਾ ਹੈ।

NO COMMENTS