ਅੰਮ੍ਰਿਤਸਰ 10 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਅੱਜ ਇਥੇ ਦੁਰਗਿਆਨਾ ਮੰਦਰ ਵਿਖੇ ਮਸਤਕ ਹੋਏ। ਉਹਨਾਂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਦੁਰਗਿਆਨਾ ਮੰਦਿਰ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ, ਬਲਬੀਰ ਬਜਾਜ, ਰਾਮ ਮੂਰਤੀ ਤੇ ਹੋਰਨਾਂ ਆਗੂਆਂ ਨੇ ਸਰਦਾਰ ਮਜੀਠੀਆ ਨੂੰ ਮੰਦਿਰ ਦੀ ਤਸਵੀਰ ਭੇਂਟ ਕਰ ਕੇ ਸਨਮਾਨਤ ਕੀਤਾ।
ਇਸ ਮਗਰੋਂ ਅੱਜ ਅੰਮ੍ਰਿਤਸਰ ਪੂਰਬੀ ਹਲਕੇ ਦੇ 28 ਨੰਬਰ ਵਾਰਡ ਵਿਚ ਹੋਏ ਪ੍ਰੋਗਰਾਮ ਦੌਰਾਨ ਪੰਜਾਬ ਬ੍ਰਾਹਮਣ ਸਭਾ ਨੇ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ ਤੇ ਨਾਲ ਹੀ ਕਿਹਾ ਕਿ ਬ੍ਰਾਹਮ ਸਭਾ ਦੇ ਮੈਂਬਰ ਹਲਕਾ ਅੰਮ੍ਰਿਤਸਰ ਪੂਰਬੀ ਵਿਚ ਸਰਦਾਰ ਮਜੀਠੀਆ ਦੀ ਜਿੱਤ ਵਾਸਤੇ ਕੰਮ ਕਰਨਗੇ।
ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜੀਵ ਜੋਸ਼ੀ, ਜਨਰਲ ਸਕੱਤਰ ਸੰਜੀਵ ਖਿੰਡਰੀ, ਨਰੇਸ਼ ਮੋਦਗਿੱਲ, ਪ੍ਰੋ. ਕੌਸ਼ਲ, ਵਿਨੋਦ ਸ਼ਰਮਾ, ਸੁਰਿੰਦਰ ਦੇਵਗਣ, ਹਰੀਸ਼, ਰਵੀ, ਪੰਕਜ ਟੰਗੜੀ, ਰਾਜੀਵ ਜ਼ੁਲਕਾ, ਐਸ ਕੇ ਸੋਨੀ, ਸ਼ਸ਼ੀ ਮਹਾਜਨ, ਕੋਹਲੀ, ਰੁੱਪਲ ਜੋਸ਼ੀ, ਰਜਤ ਰਾਮਪਾਲ ਅਤੇ ਡਾ. ਰਵੀ ਬਿਆਲਾ ਆਦਿ ਆਗੂ ਵੀ ਮੌਜੂਦ ਸਨ।
ਇਸ ਮੌਕੇ ਹਮਾਇਤ ਲਈ ਬ੍ਰਾਹਮਣ ਸਭਾ ਦਾ ਧੰਨਵਾਦ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਸਰਬ ਸਾਂਝੀਵਾਲਾਤ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਸਰਕਾਰ ਆਉਣ ਤੋਂ ਬਾਅਦ ਇਕ ਡਿਪਟੀ ਸੀ ਐਮ ਹਿੰਦੂ ਭਾਈਚਾਰੇ ਵਿਚੋਂ ਬਣਾਇਆ ਜਾਵੇਗਾ।ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਵੱਲੋਂ ਜਲਦੀ ਤੋਂ ਜਲਦੀ ਬ੍ਰਾਹਮਣ ਭਲਾਈ ਬੋਰਡ ਦਾ ਗਠਨ ਕੀਤਾ ਜਾਵੇਗਾ ਜਿਸ ਲਈ ਸਾਰੀ ਗ੍ਰਾਂਟ ਤੇ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਸਰਕਾਰ ਮਜੀਠੀਆ ਨੇ ਇਹ ਵੀ ਕਿਹਾ ਕਿ ਬ੍ਰਾਹਮਣ ਸਭਾ ਪੰਜਾਬ ਵੱਲੋਂ ਅੱਜ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਮਦਦ ਕਰਨ ਦੇ ਐਲਾਨ ਨਾਲ ਗਠਜੋੜ ਨੁੰ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ ਤੇ ਵੱਖ ਵੱਖ ਵਰਗਾਂ ਦੀ ਹਮਾਇਤ ਦੀ ਬਦੌਲਤ ਇਸ ਵਾਰ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਜਿੱਤ ਯਕੀਨੀ ਮਿਲੇਗੀ।