ਬੁਢਲਾਡਾ 22 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ) ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਦਾ ਅਹਿਸਾਸ ਆਪਣੇ-ਆਪ ਵਿੱਚ ਮਾਣਮੱਤਾ ਅਹਿਸਾਸ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ ਮਾਨਸਾ ਵਿਖੇ ਸੰਜੀਵ ਕੁਮਾਰ ਬਾਂਸਲ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ)ਮਾਨਸਾ ਜੀ ਦੀ ਅਗਵਾਈ ਹੇਠ ਚਾਰ ਦਿਨਾ ਪ੍ਰਵੇਸ਼ ਸਿਖਲਾਈ ਸੈਮੀਨਾਰ ਲਗਾ ਰਹੇ ਗਣਿਤ ਵਿਸ਼ੇ ਦੇ ਨਵ ਨਿਯੁਕਤ ਅਧਿਆਪਕਾਂ ਨੇ ਕੀਤਾ। ਕਈ ਮਾਪਿਆਂ ਦੇ ਮਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਤੀ ਪਾਏ ਜਾ ਰਹੇ ਸ਼ੰਕਿਆਂ ਦੀ ਨਵਿਰਤੀ ਲਈ ਇਹਨਾਂ ਨਵ-ਨਿਯੁਕਤ ਅਧਿਆਪਕਾਂ ਦੀ ਪ੍ਰਾਪਤੀ ਕਾਫ਼ੀ ਹੈ। ਵਰਨਣਯੋਗ ਹੈ ਕਿ ਸਰਕਾਰੀ ਅਧਿਆਪਕ ਦੀ ਨੌਕਰੀ ਤੱਕ ਪਹੁੰਚਣ ਲਈ ਇਹਨਾਂ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੀ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਉਪਰੰਤ ਮਾਸਟਰ ਕਾਡਰ ਦੀ ਮੁਕਾਬਲਾ ਪ੍ਰੀਖਿਆ ਪਾਸ ਕੀਤੀ ਗਈ। ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਨ ਉਪਰੰਤ ਇਸ ਤਰ੍ਹਾਂ ਦੀਆਂ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਵਾਲੇ ਇਹ ਨਵ-ਨਿਯੁਕਤ ਅਧਿਆਪਕ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਪੜ੍ਹਾਉਣ ਤਕਨੀਕਾਂ ਵਿੱਚ ਆਈ ਤਬਦੀਲੀ ਦੇ ਗਵਾਹ ਹਨ। ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਗਣਿਤ ਅਧਿਆਪਕਾ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਨਵ-ਨਿਯੁਕਤ ਅਧਿਆਪਕਾਂ ਕੁਲਜਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਸਖਤ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹਰ ਵਿਸ਼ੇ ਦੇ ਅਧਿਆਪਕ ਵੱਲੋਂ ‘ਰੱਟੇ ਦੀ ਬਜਾਏ ਸਮਝ ਕੇ ਪੜ੍ਹਨ” ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਹਰ ਵਿਸ਼ੇ ਦੀ ਪੜ੍ਹਾਈ ਪ੍ਰੈਕਟੀਕਲ ਪਹੁੰਚ ਨਾਲ ਕਰਵਾਈ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਇਹਨਾਂ ਅਧਿਆਪਕਾਂ ਨੇ ਕਿਹਾ ਕਿ ਸਾਡੀ ਸਕੂਲ ਪੜ੍ਹਾਈ ‘ਤੇ ਸਾਡੇ ਮਾਪਿਆਂ ਦਾ ਕੋਈ ਬਹੁਤਾ ਖਰਚਾ ਨਹੀਂ ਹੋਇਆ। ਬਤੌਰ ਅਧਿਆਪਕ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਫੀਸ ਕਿਸੇ ਵੀ ਸਕੂਲ ਦਾ ਪੈਮਾਨਾ ਨਹੀਂ ਹੋ ਸਕਦੀ।ਜਰੂਰੀ ਨਹੀਂ ਕਿ ਵੱਧ ਫੀਸ ਅਦਾ ਕਰਕੇ ਹੀ ਬੱਚਾ ਵਧੀਆ ਸਿੱਖਿਆ ਹਾਸਿਲ ਕਰੇਗਾ। ਉਹਨਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ।ਇਸ ਮੌਕੇ ਸਿਵਾਕੀ ,ਸੰਦੀਪ ਕੌਰ, ਰੀਨਾ ਰਾਣੀ, ਵੀਰਪਾਲ ਕੌਰ, ਪਰਮਜੀਤ ਕੌਰ, ਰੀਤੂ ਰਾਣੀ, ਆਭਾ , ਹਰਪ੍ਰੀਤ ਕੌਰ, ਜਸਲੀਨ ਕੌਰ , ਰੀਨਾ ਰਾਣੀ, ਰੇਨੂੰ ਬਾਲਾ,ਵਿਸ਼ਾਲ ਕੁਮਾਰ, ਉਸੀਨ ਗਰਗ,ਹਰਜੋਤ ਕੌਰ,ਰੀਤੂ ਬਜਾਜ, ਦੀਪਕਾ ਰਾਣੀ,ਡਿੰਪਲ ਕੁਮਾਰ, ਜਸਪ੍ਰੀਤ ਸਿੰਘ, ਰੇਨੂੰ ਬਾਲਾ, ਰਣਜੀਤ ਸਿੰਘ, ਗੋਵਿੰਦ ਰਾਮ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਪ੍ਰਿੰਕਾ ਰਾਣੀ, ਪੰਕਜ ਰਾਣੀ, ਰੰਜਨਾ ਰਾਣੀ, ਮੀਨੂੰ, ਗੁਰਪ੍ਰੀਤ ਕੌਰ, ਪ੍ਰਿਆ ਰਾਣੀ ਅਤੇ ਜਗਸੀਰ ਰਾਮ ਸਰਕਾਰੀ ਸਕੂਲਾਂ ਦੇ ਨਵ ਨਿਯੁਕਤ ਅਧਿਆਪਕ ਵੀ ਹਾਜ਼ਰ ਸਨ।ਟ੍ਰੇਨਿੰਗ ਦਾ ਸੰਚਾਲਨ ਕਰ ਰਹੇ ਰੁਪਿੰਦਰ ਸਿੰਘ ਡੀ.ਐੱਮ ਮੈਥ,ਪ੍ਰਿੰਸੀਪਲ ਅਰੁਣ ਕੁਮਾਰ, ਹਰਜਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ, ਬੋੜਾਵਾਲ, ਬਲਵੀਰ ਸਿੰਘ ਸੱਗੂ, ਮਨਪ੍ਰੀਤ ਸਿੰਘ ਸੇਖੋਂ ਨੇ ਅਧਿਆਪਨ ਵਿਧੀਆਂ ਦੀ ਚਰਚਾ ਕੀਤੀ।