*ਸਰਕਾਰੀ ਡਾਕਟਰਾਂ ਵੱਲੋਂ 2 ਘੰਟੇ ਜਿਆਦਾ ਕੀਤੀ ਓ.ਪੀ.ਡੀ.*

0
103

ਮਾਨਸਾ 16 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)

ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀ.ਸੀ.ਐੱਮ.ਐੱਸ.ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਅੱਜ ਮਾਨਸਾ ਦੇ ਸਰਕਾਰੀ ਡਾਕਟਰਾਂ ਨੇ ਨਿਵੇਕਲੀ ਪਿਰਤ ਪਾਈ। ਸੂਬੇ ਭਰ ਵਿੱਚ ਚੱਲੀ ਆਪਣੀ ਹੜਤਾਲ ਤੋਂ ਬਾਅਦ ਜਿਲ੍ਹੇ ਦੇ ਸਰਕਾਰੀ ਡਾਕਟਰਾਂ ਵੱਲੋਂ ਆਪਣੀ ਡਿਊਟੀ ਸਮੇਂ ਤੋਂ 2 ਘੰਟੇ ਜਿਆਦਾ ਸਮਾਂ ਓ.ਪੀ.ਡੀ. ਸੇਵਾਵਾਂ ਦੇ ਕੇ ਇੱਕ ਲੋਕਪੱਖੀ ਕਾਰਜ ਕੀਤਾ ਹੈ।ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਡਾ ਗੁਰਜੀਵਨ ਸਿੰਘ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਚੁਕਿਆ ਸੀ ਪਰ ਐਸੋਸੀਏਸ਼ਨ ਨੇ ਕਦੇ ਵੀ ਐਮਰਜੈਂਸੀ ਸੇਵਾਵਾਂ ਨਹੀਂ ਬੰਦ ਹੋਣ ਦਿਤੀਆਂ। ਉਨ੍ਹਾਂ ਕਿਹਾ ਕਿ ਜੇਕਰ ਹੜਤਾਲ ਦੌਰਾਨ ਲੋਕਾਂ ਨੂੰ ਤਕਲੀਫ ਦਾ ਸਾਹਮਣਾ ਕਰਨਾ ਪਿਆ ਤਾਂ ਲੋਕ ਭਲਾਈ ਖਾਤਰ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਦੋ ਦਿਨਾਂ ਲਈ ਸਾਰੇ ਡਾਕਟਰ ਓ.ਪੀ.ਡੀ ਦੌਰਾਨ ਦ ਘੰਟੇ ਜਿਆਦਾ ਕੰਮ ਕਰਨਗੇ ਤਾਂ ਜੋ ਲੋਕਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਨੂੰ ਜਲਦ ਦਰੁਸਤ ਕੀਤਾ ਜਾ ਸਕੇ।ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ ਸ਼ੁਭਮ ਬਾਂਸਲ ਨੇ ਦੱਸਿਆ ਕਿ ਦੋ ਘੰਟੇ ਓ.ਪੀ.ਡੀ. ਸੇਵਾਵਾਂ ਜਿਆਦਾ ਕਰਨ ਦੇ ਫੈਸਲੇ ਨੂੰ ਜਿਲ੍ਹਾ ਹਸਪਤਾਲ ਮਾਨਸਾ, ਸਬ ਡਵੀਜਨਲ ਹਸਪਤਾਲ ਸਰਦੂਲਗੜ੍ਹ, ਬੁਢਲਾਡਾ, ਅਤੇ ਕਮਿਊਨਿਟੀ ਹੈਲਥ ਸੈਂਟਰ ਝੁਨੀਰ, ਭੀਖੀ ਅਤੇ ਖਿਆਲਾ ਕਲਾਂ ਸਮੇਤ ਜਿਲ੍ਹੇ ਦੇ ਸਾਰੇ ਹਸਪਤਾਲਾਂ ਵਿਚ ਲਾਗੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦਾ ਆਮ ਮਰੀਜਾਂ ਨਾਲ ਕੋਈ ਵਿਰੋਧ ਜਾਂ ਰੋਸ ਨਹੀਂ ਸੀ ਇਹ ਹੜਤਾਲ  ਸਿਰਫ ਸਰਕਾਰ ਪ੍ਰਤੀ ਆਪਣਾ ਰੋਸ ਜਾਹਰ ਮਾਤਰ ਸੀ। ਐਸੋਸੀਏਸ਼ਨ ਵੱਲੋਂ ਦੋ ਘੰਟੇ ਜਿਆਦਾ ਓ.ਪੀ.ਡੀ. ਕਰਨ ਦੇ ਫੈਸਲੇ ਤੇ ਬੋਲਦਿਆਂ ਡਾ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਮਾਨਸਾ ਦੇ ਡਾਕਟਰਾਂ ਨੂੰ ਇਸ ਨਿਵੇਕਲੇ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਪੀ.ਸੀ.ਐੱਮ.ਐੱਸ.ਐਸੋਸੀਏਸ਼ਨ ਨੇ ਇਹ ਫੈਸਲਾ ਕਰਕੇ ਲੋਕ ਹਿਤੈਸ਼ੀ ਹੋਣ ਦਾ ਪੁਖਤਾ ਸਬੂਤ ਦਿੱਤਾ ਹੈ ਜਿਸ ਕਰਕੇ ਸਮੁੱਚਾ ਮੈਡੀਕਲ ਸਟਾਫ ਵਧਾਈ ਦਾ ਪਾਤਰ ਹੈ।

NO COMMENTS