ਮਾਨਸਾ, 11 ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਬਣਿਆ ਵਾਟਰ ਪਾਰਕ ਆਮ ਲੋਕਾਂ ਲਈ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਟੀ. ਬੈਨਿਥ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਦੇ ਵਾਸੀ ਇਸ ਵਾਟਰ ਪਾਰਕ ਦਾ ਆਨੰਦ ਲੈ ਸਕਦੇ ਹਨ ਅਤੇ ਸਕੂਲ ਵੀ ਆਪਣੇ ਵਿਦਿਆਰਥੀਆਂ ਨੂੰ ਇਸ ਵਾਟਰ ਪਾਰਕ ਵਿੱਚ ਲੈਕੇ ਆ ਸਕਦੇ ਹਨ। ਵਾਟਰ ਪਾਰਕ ਆਉਣ ਲਈ ਸ਼ਨੀਵਾਰ ਅਤੇ ਐਤਵਾਰ ਦਾ ਦਿਨ ਵਿਸ਼ੇਸ਼ ਤੋਰ ’ਤੇ ਪਰਿਵਾਰਾਂ ਵਾਸਤੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਟਰ ਪਾਰਕ ਦੀ ਟਿਕਟ ਆਮ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਵਾਜਬ ਰੱਖੀ ਗਈ ਹੈ ਅਤੇ ਇਸ ਹੋਣ ਵਾਲੀ ਆਮਦਨ ਦਾ ਸਾਰਾ ਪੈਸਾ ਗਊਸ਼ਾਲਾ ਵਿਖੇ ਪਸ਼ੂਆਂ ਦੀ ਸੇਵਾ ਲਈ ਵਰਤਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵਾਟਰ ਪਾਰਕ ਰੋਜਾਨਾ ਸਵੇਰੇ 10:00 ਤੋਂ ਸਾਮ 6:00 ਵਜੇ ਤੱਕ ਖੁੱਲਿ੍ਹਆ ਰਹੇਗਾ। ਇਸ ਤੋਂ ਇਲਾਵਾ ਗਊਸ਼ਾਲਾ ਵਿਖੇ ਸੁੰਦਰ ਪਾਰਕ, ਬੋਟਿੰਗ ਅਤੇ ਬੱਚਿਆ ਲਈ ਵਿਸ਼ੇਸ ਟਰੇਨ ਅਤੇ ਝੂਲੇ ਵੀ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿਖੇ ਪੁਰਾਣੇ ਵਿਰਸੇ ਨੂੰ ਦਰਸਾਉਦੇ ਘਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜੋ ਜਲਦ ਹੀ ਆਮ ਲੋਕਾਂ ਦੀ ਖਿੱਚ ਦਾ ਕੇਂਦਰ ਬਣਨਗੇ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਖੇ ਇੱਕ ਮੀਆਂਵਾਕੀ ਜੰਗਲ ਤੋਂ ਇਲਾਵਾ ਫੁੱਲਾਂ ਅਤੇ ਵੱਖ-2 ਪ੍ਰਜਾਤੀਆਂ ਦੇ ਪੌਦੇ ਵੀ ਲਗਾਏ ਗਏ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਗਊਸ਼ਾਲਾ ਵਿਖੇ ਪਸ਼ੂਆਂ ਦੀ ਸੇਵਾ ਲਈ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਵੇ।