*ਸਮੂਹ ਸਿਹਤ ਮੁਲਾਜ਼ਮ, ਤਾਲਮੇਲ ਕਮੇਟੀ ਦੇ ਨਾਂ ਹੇਠ ਇੱਕ ਮੰਚ ਤੇ ਹੋਏ ਇਕੱਠੇ*

0
159

ਮਾਨਸਾ,12 ਜੁਲਾਈ  (ਸਾਰਾ ਯਹਾਂ/ ਔਲਖ ) ਸਿਹਤ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਮੁਲਾਜ਼ਮ ਮੁਸ਼ਕਿਲਾਂ ਦਾ ਹੱਲ ਨਾ ਨਿਕਲਣ ਕਰਕੇ ਸਮੂਹ ਸਿਹਤ ਮੁਲਾਜ਼ਮ ਜਥੇਬੰਦੀਆਂ ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਨਾਂ ਹੇਠ ਇੱਕ ਮੰਚ ਤੇ ਇਕੱਠੀਆਂ ਹੋਈਆਂ ਹਨ। ਅੱਜ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਸਾਰੀਆਂ ਸਿਹਤ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਡਾ ਅਰਸ਼ਦੀਪ ਸਿੰਘ ਅਤੇ ਸੰਦੀਪ ਸਿੰਘ ਜੁਨੀਅਰ ਸਹਾਇਕ ਨੇ ਕੀਤੀ। ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਵਿੱਚ ਸਾਰੀਆਂ ਸਿਹਤ ਮੁਲਾਜ਼ਮ ਜਥੇਬੰਦੀਆਂ ਦੇ ਦੋ-ਦੋ ਨੁਮਾਇੰਦੇ ਲਏ ਗਏ ਹਨ। ਇਸ ਮੀਟਿੰਗ ਵਿੱਚ ਸਿਹਤ ਮੁਲਾਜ਼ਮਾਂ ਨੂੰ ਪੇਸ ਆ ਰਹੀਆਂ ਮੁਸਕਲਾਂ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਇਨ੍ਹਾਂ ਵਿਸ਼ੇਸ਼ ਮੁਦਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਲੰਗੜੇ ਪੇਅ ਕਮਿਸ਼ਨ ਦਾ ਡਟਵਾਂ ਵਿਰੋਧ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ ਦਿਨੀਂ ਐਸ. ਡੀ. ਐਚ. ਬੁਢਲਾਡਾ ਅਧੀਨ ਕੰਮ ਕਰ ਰਹੀ ਮਨਜੀਤ ਕੌਰ ਮਲਟੀਪਰਪਜ ਹੈਲਥ ਵਰਕਰ ਫੀਮੇਲ ਅਤੇ ਉਸਦੇ ਪਰਿਵਾਰ ਤੇ ਹੋਏ ਝੂਠੇ ਪੁਲਿਸ ਪਰਚੇ ਨੂੰ ਰੱਦ ਕਰਵਾਉਣ ਸਬੰਧੀ ਮਿਲੇ ਪ੍ਰਸ਼ਾਸਨ ਦੇ ਭਰੋਸੇ ਸਬੰਧੀ ਵਿਸਥਾਰ ਵਿਚ ਗਲਬਾਤ ਕੀਤੀ ਗਈ। ਜੇਕਰ ਪ੍ਰਸ਼ਾਸਨ ਵੱਲੋਂ ਦਿੱਤੇ ਸਮੇਂ ਅਨੁਸਾਰ ਪਰਚਾ ਰੱਦ ਨਹੀਂ ਕੀਤਾ ਜਾਂਦਾ ਤਾਂ ਅਗਲੇ ਵੱਡੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਗਿਆ। ਮੁਲਾਜ਼ਮ ਵਰਗ ਨੂੰ ਜ਼ਿਲ੍ਹਾ ਪੱਧਰ ਤੇ ਡਿਉਟੀਆਂ ਸਬੰਧੀ ਆ ਰਹੀਆਂ ਦਿੱਕਤਾਂ ਤੇ ਵੀ ਵਿਚਾਰ ਕੀਤਾ ਗਿਆ। ਮੁਲਾਜ਼ਮ ਆਗੂ ਕੇਵਲ ਸਿੰਘ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਮੰਗੇ ਆਪਸ਼ਨ ਫਾਰਮ ਦਾ ਮੁੱਢੋਂ ਹੀ ਵਿਰੋਧ ਕੀਤਾ ਜਾਵੇ । ਉਨ੍ਹਾਂ ਪੰਜਾਬ ਸਰਕਾਰ ਦੇ ਪੇਅ ਕਮਿਸ਼ਨ ਤੋਂ ਮੰਗ ਕੀਤੀ ਕਿ ਪੇਅ ਕਮਿਸ਼ਨ ਦੀ ਰਿਪੋਰਟ ਦੀ ਦਵਾਰਾ ਘੋਖ ਕਰਕੇ ਮੁਲਾਜ਼ਮਾਂ ਦੇ ਬਣਦੇ ਹੱਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਪਿਛਲੇ ਪੰਦਰਾਂ ਸਾਲਾਂ ਤੋਂ ਨਿਗੁਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਐਨ ਐਚ ਐਮ ਕਰਮਚਾਰੀਆਂ ਨੂੰ ਵੀ ਪੇਅ ਕਮਿਸ਼ਨ ਦੇ ਦਾਇਰੇ ਵਿੱਚ ਲਿਆ ਕੇ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ ਅਤੇ ਤੁਰੰਤ ਪ੍ਰਭਾਵ ਅਧੀਨ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰੇ। ਬਰਜਿੰਦਰ ਸਿੰਘ, ਜਗਦੀਸ਼ ਸਿੰਘ ਪੱਖੋ, ਸੀਸਨ ਕੁਮਾਰ, ਰਵਿੰਦਰ ਕੁਮਾਰ ਐਨ ਐਚ ਐਮ ਅਤੇ ਰਾਜਵੀਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ 29 ਜੁਲਾਈ ਨੂੰ ਪੇਅ ਕਮਿਸ਼ਨ ਅਤੇ ਮੁਲਾਜ਼ਮ ਹੱਕੀ ਮੰਗਾਂ ਲਈ ਪੰਜਾਬ-ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਸਮੂਹ ਸਿਹਤ ਮੁਲਾਜਮ ਪਟਿਆਲਾ ਵਿਖੇ ਇਸ ਸੰਘਰਸ਼ ਵਿੱਚ ਵੱਧ ਚੜ੍ਹ ਕੇ ਵਹੀਰਾਂ ਘੱਤਣਗੇ ਤਾਂ ਕਿ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦੇ ਨੱਕ ਵਿੱਚ ਦਮ ਕੀਤਾ ਜਾ ਸਕੇ ਅਤੇ ਜਾਇਜ ਮੁਲਾਜ਼ਮ ਮੰਗਾਂ ਮਨਵਾਉਣ ਜਾ ਸਕਣ। ਇਸ ਮੀਟਿੰਗ ਵਿੱਚ ਪ੍ਰਤਾਪ ਸਿੰਘ, ਸੁਖਮੰਦਰ ਸਿੰਘ ਮਾਸ ਮੀਡੀਆ ਵਿੰਗ, ਅਵਤਾਰ ਸਿੰਘ, ਚਾਨਣ ਦੀਪ ਸਿੰਘ, ਸ਼ਿੰਦਰ ਕੌਰ, ਕਿਰਨਜੀਤ ਕੌਰ ਗੁਰਦਰਸ਼ਨ ਸਿੰਘ, ਮਨਦੀਪ ਸਿੰਘ, ਹਰਵਿੰਦਰ ਸਿੰਘ, ਵੇਦ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮ ਹਾਜ਼ਰ ਸਨ।

NO COMMENTS