*ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡ ਪੱਧਰ ’ਤੇ ਗਊਸ਼ਾਲਾਵਾਂ ਬਣਾਉਣ ਅਤੇ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਗਊਧੰਨ ਲਈ ਸਹਿਯੋਗ ਕਰਨ ਦੀ ਅਪੀਲ*

0
38

ਮਾਨਸਾ, 20 ਸਤੰਬਰ:(ਸਾਰਾ ਯਹਾਂ/ਬੀਰਬਲ ਧਾਲੀਵਾਲ):
ਬੇਸਹਾਰਾ ਪਸ਼ੂਧੰਨ ਦੀ ਸਾਂਭ ਸੰਭਾਲ ਅਤੇ ਪਸ਼ੂਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਬਲਾਕ ਮਾਨਸਾ ਦੇ ਵੱਖ ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਅਹਿਮ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡ ਪੱਧਰ ’ਤੇ ਗਊਸ਼ਾਲਾਵਾਂ ਬਣਾਉਣ ਅਤੇ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਗਊਧੰਨ ਲਈ ਤੂੜੀ, ਹਰਾ ਚਾਰਾ ਮੁਹੱਈਆ ਕਰਵਾ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ 500 ਤੋਂ ਵਧੇਰੇ ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਭੇਜਿਆ ਗਿਆ ਹੈ, ਜਿਸ ਦੇ ਲਈ ਪਿੰਡਾਂ ਵਾਸੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।


ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਵੀਰ ਕੌਰ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿਖੇ ਮੁੱਖ ਖੇਤੀਬਾੜੀ ਅਫ਼ਸਰ, ਪਟਵਾਰੀ, ਨੰਬਰਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਪੰਚਾਇਤ ਸਕੱਤਰ ਪੱਧਰ ’ਤੇ ਕਮੇਟੀਆਂ ਗਠਿਤ ਕਰਕੇ ਪਿੰਡਾਂ ਵਿਚ ਗਰਾਮ ਪੰਚਾਇਤ ਦਾ ਇਕੱਠ ਕਰਕੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਸਾਂਝੇ ਯਤਨ ਕਰਨ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਵੱਖ ਵੱਖ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਪੱਧਰ ’ਤੇ ਫਸਲਾਂ ਦੀ ਰਾਖੀ ਲਈ ਰੱਖੇ ਰਾਖਿਆਂ ਨੂੰ ਪੈਸੇ ਦੇਣ ਦੀ ਥਾਂ ਪਿੰਡਾਂ ਵਿਚ ਹੀ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਬਣਾ ਕੇ ਸੰਭਾਲਿਆ ਜਾ ਸਕਦਾ ਹੈ ਜਾਂ ਸਰਕਾਰੀ ਗਊਸ਼ਾਲਾ ਵਿਚ ਪਸ਼ੂ ਭੇਜ ਕੇ ਰਾਖਿਆ ਨੂੰ ਦਿੱਤੀ ਜਾਣ ਵਾਲੀ ਲੱਖਾਂ ਰੁਪਏ ਦੀ ਰਾਸ਼ੀ ਗਊਸ਼ਾਲਾ ਵਿਚ ਸਹਿਯੋਗ ਦੇ ਤੌਰ ’ਤੇ ਦਿੱਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਜਿੱਥੇ ਪਸ਼ੂਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ, ਉੱਥੇ ਬਹੁਤ ਹੀ ਸੁਖਾਵੇਂ ਢੰਗ ਨਾਲ ਪਸ਼ੂਆਂ ਦੀ ਗਊਸ਼ਾਲਾਵਾਂ ਵਿਚ ਦੇਖਭਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਸਮੂਹ ਪੰਚਾਇਤ ਸਕੱਤਰਾਂ ਨੂੰ ਆਦੇਸ਼ ਜਾਰੀ ਕਰਦਿਆਂ ਮੁੜ ਦੁਹਰਾਇਆ ਕਿ ਹਰੇਕ ਪਿੰਡ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਇਕੱਤਰ ਕਰਕੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਰਦੀ ਦੇ ਮੌਸਮ ਦੌਰਾਨ ਧੁੰਦਾਂ ਵਿਚ ਬੇਸਹਾਰਾ ਪਸ਼ੂਆਂ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਪਸ਼ੂਆਂ ਦੀ ਸੁਖਾਵੇਂ ਮਾਹੌਲ ਵਿਚ ਸੰਭਾਲ ਹੋ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ, ਐਸ.ਡੀ.ਐਮ. ਮਾਨਸਾ/ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ, ਸਕੱਤਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

NO COMMENTS