*ਸਮਰਾਲਾ ‘ਚ ਮੌਜੂਦਾ ਭਾਜਪਾ ਐਮ.ਸੀ. ਦੀ ਨਾਜਾਇਜ਼ ਬਣੀ ਦੁਕਾਨ ‘ਤੇ ਚੱਲਿਆ ਪੀਲਾ ਪੰਜਾ*

0
24

 (ਸਾਰਾ ਯਹਾਂ/ਬਿਊਰੋ ਨਿਊਜ਼):ਅੱਜ ਸਮਰਾਲਾ ਵਿੱਚ ਖੰਨਾ ਰੋਡ ‘ਤੇ ਉਸ ਸਮੇਂ ਮਾਹੌਲ ਕਾਫ਼ੀ ਗਰਮਾ ਗਿਆ ,ਜਦੋਂ ਸਮਰਾਲਾ ਨਗਰ ਕੌਂਸਲ ਦੇ ਈਉ ਪੁਸ਼ਪਿੰਦਰ ਕੁਮਾਰ ਨਗਰ ਕੌਂਸਲ ਦੇ ਕੁਝ ਕਰਮਚਾਰੀਆਂ ਅਤੇ ਪੁਲਿਸ ਨੂੰ

 ਅੱਜ ਸਮਰਾਲਾ ਵਿੱਚ ਖੰਨਾ ਰੋਡ ‘ਤੇ ਉਸ ਸਮੇਂ ਮਾਹੌਲ ਕਾਫ਼ੀ ਗਰਮਾ ਗਿਆ ,ਜਦੋਂ ਸਮਰਾਲਾ ਨਗਰ ਕੌਂਸਲ ਦੇ ਈਉ ਪੁਸ਼ਪਿੰਦਰ ਕੁਮਾਰ ਨਗਰ ਕੌਂਸਲ ਦੇ ਕੁਝ ਕਰਮਚਾਰੀਆਂ ਅਤੇ ਪੁਲਿਸ ਨੂੰ ਲੈ ਕੇ ਨਜਾਇਜ਼ ਤਰੀਕੇ ਨਾਲ ਤਿਆਰ ਹੋ ਰਹੀ ਦੁਕਾਨ ਨੂੰ ਢਹਾਉਣ ਲਈ ਪਹੁੰਚ ਗਏ ਅਤੇ ਦੁਕਾਨ ਦੇ ਲੈਂਟਰ ਨੂੰ ਜੇਸੀਬੀ ਕਰੇਨ ਦੀ ਮਦਦ ਨਾਲ ਗਿਰਾ ਦਿੱਤਾ ਗਿਆ।

ਜ਼ਿਕਰਯੋਗ ਇਹ ਹੈ ਕਿ ਨਗਰ ਕੌਂਸਲ ਦੀ ਮੌਜੂਦਾ ਐਮਸੀ ਬਲਵਿੰਦਰ ਕੌਰ ਦਾ ਇਹ ਕਹਿਣਾ ਹੈ ਕਿ ਇਹ ਦੁਕਾਨ ਮੇਰੀ ਹੈ ,ਮੈਂ ਬੀਜੇਪੀ ਪਾਰਟੀ ਨਾਲ ਸਬੰਧ ਰੱਖਦੀ ਹਾਂ, ਇਸ ਲਈ ਮੇਰੇ ਨਾਲ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਮੈਨੂੰ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ। ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕੀ ਤੁਹਾਡੀ ਦੁਕਾਨ ਦਾ ਨਕਸ਼ਾ ਪਾਸ ਹੈ ਤਾਂ ਐਮਸੀ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।

ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਜੋ ਕਿ ਬੀਜੇਪੀ ਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਵੀ ਪ੍ਰਧਾਨ ਹਨ ਨੇ ਮੌਕੇ ਤੇ ਪਹੁੰਚ ਕੇ ਕਿਹਾ ਜੋ ਇਹ ਕਾਰਵਾਈ ਕੀਤੀ ਗਈ ਹੈ ਮੇਰੇ ਧਿਆਨ ਵਿੱਚ ਨਹੀਂ ਲਿਆਂਦੀ ਗਈ। ਇਸ ਕਾਰਵਾਈ ਬਾਰੇ ਈਉ ਪੁਸ਼ਪਿੰਦਰ ਕੁਮਾਰ ਨੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਹ ਪਹਿਲੀ ਵਾਰ ਹੋਇਆ ਹੈ ਕਿ ਸਮਰਾਲਾ ਸ਼ਹਿਰ ਵਿਚ ਕਿਸੇ ਦੁਕਾਨ ਨੂੰ ਨਗਰ ਕੌਂਸਲ ਵੱਲੋਂ ਗਿਰਾਇਆ ਗਿਆ ਹੈ। ਇਸ ਦੀ ਮੈਂ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਇਹ ਜੋ ਕਾਰਵਾਈ ਹੋਈ ਹੈ ਮੌਜੂਦਾ ਐਮਐਲਏ ਜਗਤਾਰ ਸਿੰਘ ਦਿਆਲਪੁਰਾ ਆਮ ਆਦਮੀ ਪਾਰਟੀ ਦੇ ਕਹਿਣ ‘ਤੇ ਹੋਈ ਹੈ। ਇਹ ਬਦਲੇ ਦੀ ਰਾਜਨੀਤੀ ਹੋ ਰਹੀ ਹੈ। ਮੈਂ ਮੰਨਦਾ ਹਾਂ ਕਿ ਦੁਕਾਨ ਦੇ ਮਾਲਕਾਂ ਵੱਲੋਂ ਦੁਕਾਨ ਦਾ ਨਕਸ਼ਾ ਨਹੀਂ ਪਾਸ ਕਰਵਾਇਆ ਗਿਆ ਜੋ ਕਿ ਉਸਦੀ ਬਹੁਤ ਵੱਡੀ ਗਲਤੀ ਹੈ। ਮੈਂ ਐਮਐਲਏ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਬਾਜ਼ਾਰ ਵਿੱਚ ਹੋਰ ਵੀ ਦੁਕਾਨਾਂ ਬਿਨਾਂ ਨਕਸ਼ੇ ਤੋਂ ਬਣਾਈਆਂ ਗਈਆਂ ਹਨ ਅਤੇ ਬਣਾਈਆਂ ਜਾ ਰਹੀਆਂ ਹਨ। ਕੀ ਉਹਨਾਂ ‘ਤੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਹੋਵੇਗੀ।

ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਇਹ ਜੋ ਕਾਰਵਾਈ ਹੋਈ ਹੈ ਰੁਟੀਨ ਦੀ ਕਾਰਵਾਈ ਹੈ। ਇਸ ਕਾਰਵਾਈ ਵਿੱਚ ਐਮਐਲਏ ਦਾ ਕੋਈ ਰੋਲ ਨਹੀਂ ਹੁੰਦਾ। ਜੋ ਇਹ ਇਲਜ਼ਾਮ ਲਗਾਏ ਜਾ ਰਹੇ ਹਨ ,ਉਹ ਸਿਰੇ ਤੋਂ ਝੂਠੇ ਹਨ। ਜਿਸ ਦੁਕਾਨ ਨੂੰ ਨਗਰ ਕੌਂਸਲ ਵੱਲੋਂ ਗਿਰਾਇਆ ਗਿਆ ਹੈ। ਉਹ ਦੁਕਾਨ ਕਿਸੇ ਐਮਸੀ ਦੀ ਨਹੀਂ ਹੈ। ਉਸ ਦੁਕਾਨ ਦਾ ਮਾਲਕ ਕੋਈ ਹੋਰ ਹੈ। ਜਿਸ ਨੂੰ ਨਗਰ ਕੌਂਸਲ ਵੱਲੋਂ ਕਈ ਵਾਰ ਨੋਟਿਸ ਵੀ ਭੇਜਿਆ ਗਿਆ। ਫੇਰ ਵੀ ਉਸ ਨੇ ਦੁਕਾਨ ‘ਤੇ ਚੋਰੀ ਛੁਪੇ ਲੈਂਟਰ ਪਾ ਦਿੱਤਾ। ਜਿਸ ‘ਤੇ ਇਹ ਕਾਰਵਾਈ ਨਗਰ ਕੌਂਸਲ ਵੱਲੋਂ ਕੀਤੀ ਗਈ।

NO COMMENTS