*‘‘ਸਭ ਸੇ ਬੜਾ ਪਤੰਗਬਾਜ਼’’ ਥੀਮ ਤਹਿਤ ਹੋਣਗੇ ਵੱਖ-ਵੱਖ ਤਰ੍ਹਾਂ ਦੇ ਪਤੰਗਬਾਜ਼ੀ ਮੁਕਾਬਲੇ*

0
42

ਚੰਡੀਗੜ੍ਹ, 12 ਜਨਵਰੀ(ਸਾਰਾ ਯਹਾਂ/ਬਿਊਰੋ ਨਿਊਜ਼)

         ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਰਵਾਇਤੀ ਤੇ ਵਿਰਾਸਤੀ ਮੇਲਿਆਂ ਨੂੰ ਦੇਸ਼-ਦੁਨੀਆਂ ਤੱਕ ਪ੍ਰਫੁੱਲਤ ਕਰਨ ਅਤੇ ਇਨ੍ਹਾਂ ਮੇਲਿਆਂ ਪ੍ਰਤੀ ਲੋਕਾਂ ਦੀ ਰੁਚੀ ਨੂੰ  ਹੋਰ ਵਧਾਉਣ ਲਈ ਰਾਜ ਵਿੱਚ ਸ਼ੁਰੂ ਕੀਤੇ ਗਏ ਮੇਲਿਆਂ ਦੀ ਲੜੀ ਤਹਿਤ 10 ਅਤੇ 11 ਫਰਵਰੀ 2024 ਨੂੰ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ‘‘ਸਭ ਸੇ ਬੜਾ ਪਤੰਗਬਾਜ਼’’ ਥੀਮ ਤਹਿਤ ਰਾਜ ਪੱਧਰੀ ਪਤੰਗਬਾਜ਼ੀ ਮੁਕਾਬਲੇ ਅਤੇ ਬਸੰਤ ਮੇਲਾ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ  ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਮਿਸ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਫਿਰੋਜ਼ਪੁਰ ਦਾ ਬਸੰਤ ਮੇਲਾ  ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ  ਪੰਜਾਬ ਸਰਕਾਰ ਵੱਲੋਂ ਇਸ ਮੇਲੇ ਨੂੰ  ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ  ਜਿਸ ਲਈ ਬਸੰਤ ਮੇਲੇ ਮੌਕੇ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਪਤੰਗਬਾਜ਼ੀ ਦੇ ਮੇਲੇ ਵਿੱਚ ਭਾਗ ਲੈਣ ਲਈ  ਰਜਿਸਟ੍ਰੇਸ਼ਨ ਅਤੇ ਅਤੇ ਮੇਲੇ ਸਬੰਧੀ ਹੋਰ ਜਾਣਕਾਰੀ ਲਈ ਵੈਬਸਾਈਟ ਲਾਂਚ ਕੀਤੀ ਗਈ ਹੈ।

          ਕੈਬਨਿਟ ਮੰਤਰੀ ਮਿਸ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪਤੰਗਬਾਜ਼ੀ ਦੇ ਮੁਕਾਬਲੇ ਹੋਣਗੇ ਅਤੇ ਪਹਿਲੇ ਸਥਾਨ ਤੇ ਰਹਿਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਰਦਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਨੂੰ 1 ਲੱਖ ਦਾ ਇਨਾਮ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਔਰਤਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਜੇਤਾ ਨੂੰ ਵੀ 1 ਲੱਖ ਦਾ ਇਨਾਮ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ 10 ਤੋਂ 18 ਸਾਲ ਦੀ ਉਮਰ ਵਾਲੇ ਲੜਕੇ-ਲੜਕੀਆਂ ਵਿਚੋਂ ਜੇਤੂਆਂ ਨੂੰ 25-25 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਐਨ.ਆਰ.ਆਈ ਕੈਟਾਗਰੀ ਪਤੰਗਬਾਜੀ ਮੁਕਾਬਲਿਆਂ ਦੇ ਜੇਤੂਆਂ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਪਤੰਗਬਾਜੀ ਮੁਕਾਬਲਿਆਂ ਵਿੱਚ ਸਭ ਤੋਂ ਆਕਰਸ਼ਿਤ ਮੁਕਾਬਲਾ “ਸਭ ਸੇ ਬੜਾ ਪਤੰਗਬਾਜ਼ ਮੁਕਾਬਲਾ” ਹੋਵੇਗਾ ਅਤੇ ਇਸ ਮੁਕਾਬਲੇ ਦੇ ਜੇਤੂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

           ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਚਾਈਨਾ ਡੋਰ ਦੀ ਵਰਤੋਂ ਕਰਨ ਦੀ ਪੂਰਨ ਪਾਬੰਦੀ ਹੈ। ਪਤੰਗਬਾਜੀ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਨੂੰ ਆਪਣੀ ਰਜਿਸਟ੍ਰੇਸ਼ਨ ਵੈਬਸਾਈਟ www.kitefestivalferozepur2024.in ਤੇ 15 ਜਨਵਰੀ ਤੋਂ 25 ਜਨਵਰੀ 2024 ਤੱਕ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਮੁਕਾਬਲਿਆਂ ਸਬੰਧੀ ਨਿਯਮ ਅਤੇ ਸ਼ਰਤਾਂ ਵੀ ਇਸ ਵੈਬਸਾਈਟ ਤੇ ਉਪਲੱਬਧ ਹਨ।

 ਇਸ ਮੇਲੇ ਵਿੱਚ ਰਵਾਇਤੀ ਖਾਣਿਆਂ ਦੇ ਸਟਾਲ ਲਗਾਏ ਜਾਣਗੇ ਅਤੇ ਲੋਕ ਗਾਇਕ ਆਪਣੇ ਗੀਤਾਂ ਰਾਹੀਂ ਮੇਲੇ ਦਾ ਮਾਹੌਲ ਰੰਗੀਨ ਬਣਾਉਣਗੇ। ਉਨ੍ਹਾਂ ਰਾਜ ਵਾਸੀਆਂ ਨੂੰ ਅਪੀਲ ਕਰਦਿਆਂ  ਕਿਹਾ ਕਿ ਉਹ ਵੱਧ ਤੋਂ ਵੱਧ ਇਸ ਮੇਲੇ ਵਿੱਚ ਭਾਗ ਲੈਣ।

          ਮੇਲੇ ਸਬੰਧੀ ਵੈਬਸਾਈਟ ਲਾਂਚ ਕਰਨ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਅਤੇ ਡਾਇਰੈਕਟਰ ਨੀਰੂ ਕਤਿਆਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

NO COMMENTS