*ਸਪੀਕਰ ਸੰਧਵਾਂ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ*

0
9

ਚੰਡੀਗੜ੍ਹ, 31 ਜੁਲਾਈ   (ਸਾਰਾ ਯਹਾਂ/ ਮੁੱਖ ਸੰਪਾਦਕ ):  ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਵਾਲੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੂੰ ਉਹਨਾਂ ਦੀ ਇਸ ਉਪਲੱਬਧੀ ਉੱਤੇ ਮੁਬਾਰਕਬਾਦ ਦਿੱਤੀ ਹੈ। ਇਸਦੇ ਨਾਲ ਹੀ ਚਾਨੂ ਦੇ ਸਹਾਇਕ ਕੋਚ ਸੰਦੀਪ ਕੁਮਾਰ, ਜੋ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੇ ਹਨ, ਨੂੰ ਵੀ ਵਧਾਈ ਦਿੱਤੀ ਹੈ। 
ਓਲੰਪਿਕਸ ਦੀ ਸਿਲਵਰ ਮੈਡਲਿਸਟ ਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਕੁੱਲ 201 ਕਿਲੋ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦੇ ਰਿਕਾਰਡ ਨਾਲ ਸੋਨੇ ਦਾ ਤਮਗਾ ਜਿੱਤਿਆ ਹੈ।
ਸਪੀਕਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਦੇਸ਼ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਅਤੇ ਚਾਨੂ ਵੱਲੋਂ ਮੈਡਲ ਜਿੱਤਣਾ ਸਿੱਧ ਕਰਦਾ ਹੈ ਕਿ ਕੁੜੀਆਂ ਹੁਣ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀਆਂ ਹਨ।
ਇਸਦੇ ਨਾਲ ਹੀ ਸੰਧਵਾਂ ਨੇ ਚਾਨੂ ਦੇ ਸਹਾਇਕ ਕੋਚ ਸੰਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ ਹੈ। ਸੰਦੀਪ ਪੰਜਾਬ ਪੁਲਿਸ ਵਿਚ ਹਨ ਅਤੇ ਇਸ ਵੇਲੇ ਪੀ.ਏ.ਪੀ. ਜਲੰਧਰ ਵਿਖੇ ਸੈਂਟਰ ਸਪੋਰਟਸ ਵਿੱਚ ਤਾਇਨਾਤ ਹਨ। ਉਹ ਖੁਦ ਵੇਟਲਿਫਟਰ ਵਜੋਂ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ 1998 ਦੀਆਂ ਕੁਆਲਾ ਲੰਮਪੁਰ ਰਾਸ਼ਟਰਮੰਡਲ ਖੇਡਾਂ ਵਿੱਚ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤ ਚੁੱਕੇ ਹਨ। 
ਓਧਰ ਰੋਮ (ਇਟਲੀ) ਵਿਖੇ ਅੰਡਰ 17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਪੰਜਾਬ ਦੇ ਪਹਿਲਵਾਨ ਜਸਪੂਰਨ ਸਿੰਘ ਨੂੰ ਵੀ ਕੁਲਤਾਰ ਸਿੰਘ ਸੰਧਵਾਂ ਨੇ  ਮੁਬਾਰਕਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਛੋਟੀ ਉਮਰ ‘ਚ ਇਸ ਵੱਡੀ ਪ੍ਰਾਪਤੀ ਲਈ ਜਸਪੂਰਨ ਤੋਂ ਇਲਾਵਾ ਉਸ ਦੇ ਮਾਪੇ ਅਤੇ ਭਾਰਤੀ ਟੀਮ ਦੇ ਕੋਚ ਇੰਦਰਜੀਤ ਸਿੰਘ ਵੀ ਵਧਾਈ ਦੇ ਪਾਤਰ ਹਨ।  ———     

NO COMMENTS