ਚੰਡੀਗੜ/ਲੁਧਿਆਣਾ, 20 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) ਨਗਰ ਨਿਗਮ ਵੱਲੋਂ ‘ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ‘ ਮੁਹਿੰਮ ਤਹਿਤ ‘ਸਵੱਛਤਾ’ ਨੂੰ ਉਤਸ਼ਾਹਿਤ ਕਰਨ ਅਤੇ ਰਹਿੰਦ-ਖੂੰਹਦ ਦੀ ਮੁੜ ਵਰਤੋਂ/ਰੀਸਾਈਕਲ ਕਰਨ ਲਈ ਕੀਤੀ ਗਈ ਇੱਕ ਵਿਲੱਖਣ ਪਹਿਲਕਦਮੀ ਵਿੱਚ, ਸ਼ਹਿਰ ਭਰ ’ਚ 19 (ਰਿਡਿਊਸ, ਰੀਯੂਜ਼, ਰੀਸਾਈਕਲ) ਕੇਂਦਰ ਸਥਾਪਤ ਕੀਤੇ ਗਏ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਸ਼ਨੀਵਾਰ ਨੂੰ ਕੇਂਦਰਾਂ ਵਿੱਚੋਂ ਜਨਤਾ ਨਗਰ ਦੇ ਜੈਮਲ ਸਿੰਘ ਰੋਡ ‘ਤੇ ਸਥਿਤ ਇੱਕ ਕੇਂਦਰ ਦਾ ਉਦਘਾਟਨ ਕੀਤਾ ਅਤੇ ਲੋਕਾਂ ਨੂੰ ਆਰ.ਆਰ.ਆਰ. ਕੇਂਦਰਾਂ ਵਿੱਚ ਵਰਤੀਆਂ/ਪੁਰਾਣੀਆਂ ਵਸਤੂਆਂ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਨਗਰ ਨਿਗਮ ਕਮਿਸ਼ਨਰ ਡਾ: ਸੇਨਾ ਅਗਰਵਾਲ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਰਨਪਾਲ ਸਿੰਘ ਮੱਕੜ, ਨਗਰ ਨਿਗਮ ਦੇ ਜੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਆਦਿ ਵੀ ਸਥਾਨਕ ਸਰਕਾਰਾਂ ਮੰਤਰੀ ਦੇ ਨਾਲ ਸਨ।
ਅਧਿਕਾਰੀਆਂ ਨੇ ਦੱਸਿਆ ਕਿ ‘ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ’ ਮੁਹਿੰਮ ਕੇਂਦਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਹੈ ਅਤੇ ਲੋਕਾਂ ਨੇ ਪਹਿਲਾਂ ਹੀ ਆਰ.ਆਰ.ਆਰ. ਕੇਂਦਰਾਂ ‘ਤੇ ਚੀਜ਼ਾਂ ਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਦਾ ਉਦੇਸ਼ ਨਾ ਸਿਰਫ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨਾ ਹੈ, ਸਗੋਂ ਨਾਗਰਿਕਾਂ ਦੁਆਰਾ ਵਰਤੀ ਗਈ ਸਮੱਗਰੀ/ਵਸਤੂਆਂ/ਉਤਪਾਦਾਂ ਨੂੰ ਕੇਂਦਰਾਂ ‘ਤੇ ਜਮਾ ਕਰਨ ਦੇ ਰੁਝਾਨ ਨੂੰ ਵਿਕਸਤ ਕਰਨਾ ਵੀ ਹੈ।
ਇਹ ਮੁਹਿੰਮ 5 ਜੂਨ (ਵਿਸ਼ਵ ਵਾਤਾਵਰਨ ਦਿਵਸ) ਤੱਕ ਜਾਰੀ ਰਹੇਗੀ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਰ.ਆਰ.ਆਰ. ਕੇਂਦਰਾਂ ਵਿੱਚ ਵਰਤੀਆਂ/ਪੁਰਾਣੀਆਂ ਵਸਤੂਆਂ/ਸਮੱਗਰੀ ਦਾਨ ਕਰਨ, ਤਾਂ ਜੋ ਉਹਨਾਂ ਨੂੰ ਮੁੜ ਵਰਤੋਂ ਲਿਆ ਕੇ ਅਤੇ ਰੀਸਾਈਕਲ ਕਰਕੇ ਲੋੜਵੰਦ ਵਿਅਕਤੀਆਂ/ਐਨ.ਜੀ.ਓਜ ਨੂੰ ਦਾਨ ਕੀਤਾ ਜਾ ਸਕੇ।
ਇਹ ਕੇਂਦਰ 5 ਜੂਨ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਚਾਲੂ ਰਹਿਣਗੇ। ਨਿਵਾਸੀ ਵਰਤੇ/ਪੁਰਾਣੇ ਕੱਪੜੇ, ਕਿਤਾਬਾਂ, ਇਲੈਕਟ੍ਰਾਨਿਕ ਵਸਤੂਆਂ, ਖੇਡਾਂ ਦਾ ਸਾਮਾਨ ਆਦਿ ਦਾਨ ਕਰ ਸਕਦੇ ਹਨ।
ਸ਼ਹਿਰ ਵਾਸੀਆਂ ਵਿੱਚ ਇਸ ਮੁਹਿੰਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮੁਨਾਦੀ ਕਰਨ ਲਈ ਈ-ਰਿਕਸ਼ਾ ਵੀ ਤਾਇਨਾਤ ਕੀਤੇ ਗਏ ਹਨ। ਲੋਕ ਆਪੋ-ਆਪਣੀਆਂ ਵਸਤਾਂ/ਸਮੱਗਰੀ ਨੂੰ ਈ-ਰਿਕਸ਼ਾ ਵਿੱਚ ਵੀ ਪਾ ਸਕਦੇ ਹਨ ਅਤੇ ਫਿਰ ਉਹਨਾਂ ਨੂੰ ਕੇਂਦਰਾਂ ਵਿੱਚ ਲਿਜਾਇਆ ਜਾਵੇਗਾ।
ਇਲਾਕਾ ਨਿਵਾਸੀਆਂ ਨੂੰ ਸੋਸ਼ਲ ਮੀਡੀਆ ਨੈੱਟਵਰਕਾਂ ਰਾਹੀਂ ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਅਤੇ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ।
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਬਾਕੀ ਬਚੇ 18 ਆਰ.ਆਰ.ਆਰ. ਕੇਂਦਰਾਂ ਦਾ ਵੀ ਸ਼ਨੀਵਾਰ ਨੂੰ ਵਿਧਾਇਕ ਮਦਨ ਲਾਲ ਬੱਗਾ, ਗੁਰਪ੍ਰੀਤ ਬੱਸੀ ਗੋਗੀ, ਹੋਰ ਜਨਤਕ ਨੁਮਾਇੰਦਿਆਂ ਜਾਂ ਨਗਰ ਨਿਗਮ ਅਧਿਕਾਰੀਆਂ ਵੱਲੋਂ ਉਦਘਾਟਨ ਕੀਤਾ ਗਿਆ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਨਿੱਜਰ ਨੇ ਪਹਿਲ ਕਰਨ ਲਈ ਨਿਗਮ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਡਾ: ਨਿੱਜਰ ਨੇ ਕਿਹਾ ਕਿ ਇਹ ਪਹਿਲਕਦਮੀ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਵੀ ਮਦਦ ਕਰੇਗੀ।
ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਕਿਹਾ ਕਿ ਇਹ ਇੱਕ ਚੰਗਾ ਸੰਕੇਤ ਹੈ ਕਿ ਲੋਕਾਂ ਨੇ ਪਹਿਲਾਂ ਹੀ ਆਰ.ਆਰ.ਆਰ. ਕੇਂਦਰਾਂ ਵਿੱਚ ਵਸਤੂਆਂ ਦਾਨ ਕਰਨਾ ਸੁਰੂ ਕਰ ਦਿੱਤਾ ਹੈ ਅਤੇ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਭਰਵੇਂ ਹੁੰਗਾਰੇ ਦੀ ਆਸ ਹੈ। ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਲਈ ਸ਼ਹਿਰ ਨਿਵਾਸੀ ਨਗਰ ਨਿਗਮ ਦੀ ਵੈੱਬਸਾਈਟ – .. ‘ਤੇ ਜਾ ਸਕਦੇ ਹਨ ਜਾਂ ਨਗਰ ਨਿਗਮ ਲੁਧਿਆਣਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫਾਲੋ ਕਰ ਸਕਦੇ ਹਨ।