*ਸਤੰਬਰ ਦੇ ਅਖ਼ੀਰ ਤੱਕ ਦੋਵੇਂ ਆਕਸੀਜ਼ਨ ਉਤਪਾਦਨ ਪਲਾਂਟ ਮੁਕੰਮਲ ਹੋਣ ਦੀ ਉਮੀਦ: ਸਿਵਲ ਸਰਜਨ*

0
59

ਮਾਨਸਾ, 3 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਜਿਵੇਂ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਤੀਜੀ ਲਹਿਰ ਨਾਲ ਲੜਨ ਲਈ ਸਿਹਤ ਵਿਭਾਗ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਕੋਰੋਨਾ ਦੀ ਦੂਜੀ ਲਹਿਰ ਪਹਿਲੀ ਨਾਲੋਂ ਵੀ ਖ਼ਤਰਨਾਕ ਸੀ, ਜਿਸ ਵਿਚ ਜਿ਼ਆਦਾਤਰ ਲੋਕਾਂ ਨੂੰ ਆਕਸੀਜਨ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਮੱਦੇਨਜ਼ਰ ਸੰਭਾਵੀ ਤੀਜੀ ਲਹਿਰ ਨਾਲ ਲੜਨ ਲਈ ਸਿਹਤ ਵਿਭਾਗ ਵੱਲੋਂ ਜਿ਼ਲ੍ਹੇ ਅੰਦਰ ਦੋ ਆਕਸੀਜ਼ਨ ਪਲਾਂਟ ਲਾਏ ਗਏ ਹਨ, ਜਿੰਨ੍ਹਾਂ ਵਿਚੋਂ ਇਕ ਸਿਵਲ ਹਸਪਤਾਲ ਮਾਨਸਾ ਵਿਖੇ 1 ਹਜ਼ਾਰ ਐਲ.ਪੀ.ਐਮ. ਅਤੇ ਦੂਜਾ ਸਬ ਡਵੀਜ਼ਨ ਹਸਪਤਾਲ ਬੁਢਲਾਡਾ ਵਿਖੇ 2 ਹਜ਼ਾਰ ਐਲ.ਪੀ.ਐਮ. ਦਾ ਆਕਸੀਜ਼ਨ ਉਤਪਾਦਨ ਪਲਾਂਟ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਆਕਸੀਜ਼ਨ ਪਲਾਟਾਂ ਨੂੰ ਕਾਰਜਸ਼ੀਲ ਕਰਕੇ ਵੇਖਿਆ ਜਾ ਚੁੱਕਾ ਹੈ ਅਤੇ ਸਤੰਬਰ ਮਹੀਨੇ ਦੇ ਅਖ਼ੀਰ ਤੱਕ ਇਹ ਆਕਸੀਜ਼ਨ ਪਲਾਂਟ ਚਾਲੂ ਹੋ ਜਾਣਗੇ।ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਮਰੀਜ਼ਾਂ ਨੂੰ ਆਕਸੀਜ਼ਨ ਦਾ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਬੱਚਿਆਂ ਦੇ ਬੈੱਡਾਂ ਵਿਚ 30 ਹੋਰ ਬੈੱਡਾਂ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਮਿਊਨਿਟੀ ਹੈਲਥ ਸੈਂਟਰ ਬੁਢਲਾਡਾ, ਸਰਦੂਲਗੜ੍ਹ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਵੀ ਬੈੱਡ ਬਣਾਏ ਗਏ ਹਨ।
ਵੈਕਸੀਨੇਸ਼ਨ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 2 ਲੱਖ 52 ਹਜ਼ਾਰ ਦੇ ਕਰੀਬ ਵੈਕਸੀਨ ਦੀ ਡੋਜ਼ ਲਗਾਈ ਜਾ ਚੁੱਕੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਕਿ ਵੇਖਣ ਵਿਚ ਆਇਆ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਬਹੁਤ ਘੱਟ ਲੋਕ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਹੋਏ ਹਨ। ਅਜਿਹਾ ਦੇਸ਼ ਅਤੇ ਵਿਦੇਸ਼ਾਂ ਦੇ ਸਰਵੇ ਵਿਚ ਵੀ ਪਾਇਆ ਗਿਆ ਹੈ।ਇਸ ਲਈ 18 ਸਾਲ ਉਮਰ ਤੋਂ ਉੱਪਰ ਦੇ ਹਰ ਇਕ ਨਾਗਰਿਕ ਨੂੰ ਆਪਣੇ ਨੇੜੇ ਦੇ ਵੈਕਸੀਨੇਸ਼ਨ ਕੈਂਪ ਵਿਚ ਜਾ ਕੇ ਵੈਕਸੀਨੇਸ਼ਨ ਜ਼ਰੂਰ ਲਗਵਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਕੋਰੋਨਾ ਖ਼ਤਮ ਹੋ ਗਿਆ ਹੈ, ਪ੍ਰੰਤੂ ਸਾਨੂੰ ਹਾਲੇ ਵੀ ਇਸ ਸਬੰਧੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।ਮਾਸਕ ਦੀ ਸਹੀ ਢੰਗ ਨਾਲ ਵਰਤੋਂ, ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇ ਅਤੇ ਕਿਸੇ ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ ਵਿਚ ਆਉਣ *ਤੇ ਤੁਰੰਤ ਸਿਹਤ ਵਿਭਾਗ ਨਾਲ ਰਾਬਤਾ ਕਰਕੇ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਜਾਵੇ।ਅਜਿਹਾ ਕਰਕੇ ਹੀ ਸਭ ਦੇ ਸਹਿਯੋਗ ਨਾਲ ਇਸ ਮਹਾਂਮਾਰੀ *ਤੇ ਕਾਬੂ ਪਾਇਆ ਜਾ ਸਕਦਾ ਹੈ।

NO COMMENTS