ਮਾਨਸਾ, 25 ਅਕਤੂਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਜਦੋਂ ਅਸੀਂ ਸਖ਼ਤ ਮਿਹਨਤ ਕਰਦੇ ਹਾਂ ਤਾਂ ਅਸੀਂ ਕੋਈ ਵੀ ਮੰਜ਼ਿਲ ਨੂੰ ਸਰ ਕਰ ਸਕਦੇ ਹਾਂ ਅਤੇ ਕੋਈ ਵੀ ਮੁਕਾਮ ਹਾਸਿਲ ਕਰਨ ਦੇ ਸਮਰੱਥ ਬਣਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਅੱਜ ਏਸ਼ੀਅਨ ਡਰੈਗਨ ਬੋਟ ਚੈਂਪੀਅਨਸ਼ਿਪ 2024 ਵਿੱਚ 200 ਮੀਟਰ ਅਤੇ 500 ਮੀਟਰ ਵਿੱਚ 2 ਕਾਂਸੇ ਦੇ ਤਗਮੇ ਪ੍ਰਾਪਤ ਕਰਨ ਵਾਲੀ ਪਿੰਡ ਖੈਰਾ ਖੁਰਦ ਦੀ ਵਸਨੀਕ ਕੋਮਲ ਰਾਣੀ ਵਰਮਾ ਪੁੱਤਰੀ ਸ਼੍ਰੀ ਵਿਜੈ ਪਾਲ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਜੈਨ, ਕੋਚ ਸ਼੍ਰੀ ਗੁਰਪ੍ਰੀਤ ਸਿੰਘ ਅਤੇ ਸ਼੍ਰੀ ਸੁਭਾਸ਼ ਰਾਮ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਂਗਕਾਂਗ (ਚੀਨ) ਵਿੱਚ ਹੋਈ ਇਸ ਚੈਂਪੀਅਨਸ਼ਿਪ ਵਿੱਚ ਤਗਮਾ ਹਾਸਲ ਕਰਨਾ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕੋਮਲ ਰਾਣੀ ਵਰਗੇ ਖਿਡਾਰੀਆਂ ਤੋਂ ਪ੍ਰੇਰਣਾ ਲੈ ਕੇ ਵੱਧ ਤੋਂ ਵੱਧ ਖੇਡਾਂ ਵੱਲ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਆਪਣੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਉੱਚਾ ਕਰਨਾ ਚਾਹੀਦਾ ਹੈ।
ਖਿਡਾਰਣ ਕੋਮਲ ਰਾਣੀ ਨੇ ਦੱਸਿਆ ਕਿ ਉਸਦੀ ਬਚਪਨ ਤੋਂ ਹੀ ਖੇਡਾਂ ਵਿੱਚ ਬਹੁਤ ਜ਼ਿਆਦਾ ਰੂਚੀ ਰਹੀ ਹੈ। ਉਸਨੇ ਕਿਹਾ ਕਿ ਉਹ ਹੋਰ ਜ਼ਿਆਦਾ ਸਖ਼ਤ ਮਿਹਨਤ ਕਰਕੇ ਆਉਣ ਵਾਲੀਆਂ ਕੌਮੀ ਅਤੇ ਓਲੰਪਿਕ ਖੇਡਾਂ ਵਿੱਚ ਭਾਗ ਲੈ ਕੇ ਆਪਣੇ ਸੂਬੇ ਅਤੇ ਦੇਸ਼ ਲਈ ਤਗਮਾ ਹਾਸਿਲ ਕਰਨਾ ਚਾਹੁੰਦੀ ਹੈ।