*ਸਕੂਲੀ ਵਿਦਿਆਰਥੀਆਂ ਵਿੱਚ ਵੱਧ ਅਸਹਿਨਸ਼ੀਲਤਾ*

0
28

(ਸਾਰਾ ਯਹਾਂ/ਬਿਊਰੋ ਨਿਊਜ਼): ਅੱਜ ਕੱਲ੍ਹ ਸਕੂਲੀ ਵਿਦਿਆਰਥੀਆਂ ਵਿੱਚ ਸਹਿਨਸ਼ੀਲਤਾ ਬੇਹੱਦ ਘਟ ਰਹੀ ਹੈ। ਜੋ ਕਿ ਬੇਹੱਦ ਚਿੰਤਾਜਨਕ ਵੀ ਹੈ ਤੇ ਭਵਿੱਖ ਵਿੱਚ ਸਾਡੇ ਸਮਾਜ ਨੂੰ  ਇਸਦੇ ਖ਼ਤਰਨਾਕ ਸਿੱਟੇ ਵੀ ਭੁਗਤਣੇ ਪੈ ਸਕਦੇ ਹਨ।

ਅਸਲ ਵਿੱਚ ਇਹ ਸਥਿੱਤੀ ਪੈਦਾ ਹੋਣ ਪਿੱਛੇ ਕਈ ਕਾਰਨ ਹਨ।

ਸਭ ਤੋਂ ਪਹਿਲਾ ਕਾਰਨ ਹੈ ਬੱਚਿਆਂ ਚੋਂ ਬਾਬੇ ਨਾਨਕ ਦੀ ਕਿਤਰ ਨੂੰ ਖ਼ਾਰਜ ਕਰਨਾ।

ਇੱਕ ਸਮਾ ਸੀ ਜਦ ਅਸੀਂ ਸਕੂਲ ਦੀਆਂ ਸਾਫ਼ ਸਫਾਈਆਂ,ਗਰਾਊਂਡ ਤਿਆਰ ਕਰਨੇ,ਖੇਤੀ ਬਾੜੀ ਦੇ ਪੀਰੀਅਡਾਂ ਚ ਸਕੂਲ ਦੀ ਜ਼ਮੀਨ ਚੋਂ ਨਰਮੇ ਚੁਗਣੇ ਤੇ ਸਕੂਲ ਦੀਆਂ ਛੱਤਾਂ ਤੇ ਮਿੱਟੀ ਪਾਉਣੀ ਆਦਿ ਕੰਮ ਅਸੀਂ ਬੜੀ ਖ਼ੁਸ਼ੀ-ਖ਼ੁਸ਼ੀ ਕਰਦੇ ਸਾਂ।ਓਸ ਸਮੇਂ ਆਮ ਚਰਚਾ ਬਣਦੀ ਸੀ ਕਿ ‘ਸਕੂਲ ਦੇ ਜਵਾਕਾਂ ਨੇ ਬੜੀ ਸੇਵਾ ਕੀਤੀ ਐ’। ਨਾ ਕਿ ਅੱਜ ਵਾਂਙ ਖ਼ਬਰਾਂ ਲੱਗਦੀਆਂ ਸਨ ਕਿ ‘ਫਲਾਣੇ ਸਕੂਲ ਦੇ ਬਚਿਆਂ ਤੋਂ ਕਰਵਾਈ ਜਾ ਰਹੀ ਹੈ ਮਜ਼ਦੂਰੀ।’

ਪਹਿਲਾਂ ਅਧਿਆਪਕ ਨੂੰ ਅਜ਼ਾਦੀ  ਹੁੰਦੀ ਸੀ ਕਿ ਸਲੇਬਸ ਕਿਵੇਂ ਤੇ ਕਿੰਨਾ ਕਰਵਾਉਣਾ ਹੈ। ਸਿਲਬਸ ਦੇ ਨਾਲ਼ ਨਾਲ਼ ਨੈਤਿਕ ਸਿੱਖਿਆ ਨੂੰ ਬਰਾਬਰ ਦੀ ਤਰਜੀਹ ਦਿੱਤੀ ਜਾਂਦੀ ਸੀ।ਹੁਣ ਸਭ ਕੁਝ ਸਿੱਖਿਆ ਵਿਭਾਗ ਵਲੋਂ ਤਹਿ ਹੁੰਦਾ ਹੈ।ਇੱਕ ਅਧਿਆਪਕ ਨੂੰ ਆਨਲਾਈਨ,ਲਿਖਤੀ ਤੇ ਨਿੱਤ ਦੀਆਂ ਪੈਰ ਪੈਰ ਤੇ ਆ ਰਹੀਆਂ ਬੇਲੋੜੀਆਂ ਡਾਕਾਂ ਹੋਰ ਝਮੇਲਿਆਂ ਵਿਚ ਬੁਰੀ ਤਰ੍ਹਾਂ ਉਲਝਾ ਦਿੱਤਾ ਹੈ ਤੇ ਬੱਚਿਆਂ ਨੂੰ ਨਿਰੋਲ ਅੰਕੜਿਆਂ ਦੀ ਖੇਡ ਚ ਉਲਝਾ ਦਿੱਤਾ ਹੈ।ਸਿੱਖਿਆ ਵਿਭਾਗ ਨੂੰ ਨੈਤਿਕ ਸਿੱਖਿਆ ਲੱਗਦੈ ਫ਼ਜ਼ੂਲ ਹੀ ਲੱਗਦੀ ਹੈ। ਪਹਿਲਾਂ 60% ਅੰਕ ਲਿਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਹੁਸ਼ਿਆਰ ਤੇ ਸੁਹਿਰਦ ਸਮਝਿਆ ਜਾਂਦਾ ਸੀ ਤੇ ਹੁਣ ਪੇਪਰ ਪੈਟਰਨ ਇਸ ਤਰ੍ਹਾਂ ਦਾ ਹੈ ਕਿ60% ਨੂੰ ਸਮਝਿਆ ਹੀ ਕੁੱਝ ਨਹੀਂ ਜਾਂਦਾ ਤੇ ਸਗੋਂ 100% ਵਾਲ਼ੀ ਦੌੜ ਲੱਗ ਚੁੱਕੀ ਹੈ ਤੇ ਨੈਤਕਿਤਾ ਹੇਠਾਂ ਵੱਲ ਜਾ ਰਹੀ ਹੈ।

ਇੱਕ ਸਮਾਂ ਸੀ ਜਦ ਬੱਚਿਆਂ ਨੂੰ ਮੁਬਾਇਲ ਫੋਨ ਰੱਖਣ ਦੀ ਪੂਰਨ ਮਨਾਹੀ ਹੁੰਦੀ ਸੀ ਤੇ ਹੁਣ ਲਗਭਗ ਸਾਰੀ ਪੜ੍ਹਾਈ ਹੀ ਮੁਬਾਇਲ ਫੋਨ ਦੀ ਗ਼ੁਲਾਮ ਬਣਾ ਦਿੱਤੀ ਹੈ।

ਜ਼ਰੂਰੀ ਨਹੀਂ ਕਿ ਬੱਚਾ ਮੁਬਾਇਲ ਫੋਨ ਤੇ ਪੜ੍ਹਾਈ ਹੀ ਕਰੇਗਾ,ਓਹ ਇਸਦੀ ਦੁਰਵਰਤੋਂ ਵੀ ਕਰੇਗਾ।ਮੁਬਾਇਲ ਫੋਨਾਂ ਤੇ ਬੱਚੇ ਹੁਣ ਗੇਮਜ ਵੀ ਹਿੰਸਕ ਭਾਵ ਫਾਇਰਿੰਗ ਵਾਲੀਆਂ ਹੀ ਵੇਖਦੇ ਹਨ ਤੇ ਗੀਤ ਅਤੇ ਉਹਨਾਂ ਦੀ ਪੇਸ਼ਕਾਰੀ ਵੀ ਭੜਕਾਹਟ ਵਾਲੀ ਹੀ ਹੁੰਦੀ ਹੈ। ਬੱਚੇ ਜਿਸ ਤਰ੍ਹਾਂ ਦਾ ਵੇਖਣਗੇ ਓਸੇ ਤਰ੍ਹਾਂ ਦਾ ਪ੍ਰਭਾਵ ਵੀ ਪਵੇਗਾ।ਭਾਵ ਕਿ ਬੱਚਿਆਂ ਚ ਭੜਕਾਹਟ,ਤੇ ਹਿੰਸਕ ਹੋਣ ਦੀ ਸੰਭਾਵਨਾ ਵਧੇਗੀ।

ਇੱਕ ਖ਼ਤਰਨਾਕ ਕਾਰਨ ਹੋਰ ਵੀ ਹੈ ਕਿ ਅਧਿਆਪਕ ਤੇ ਪਾਬੰਦੀਆਂ ਏਨੀਆਂ ਲਗਾ ਦਿੱਤੀਆਂ ਹਨ ਕਿ ਬੱਚੇ ਨੂੰ ਝਿੜਕਣ ਤੱਕ ਦੀ ਮਨਾਹੀ ਵਾਲਾ ਕੰਮ ਹੋਇਆ ਪਿਆ ਹੈ ਤੇ ਦੂਸਰੀ ਤਰਫ਼ ਬੱਚਿਆਂ ਦੇ ਅਧਿਕਾਰਾਂ ਦੇ ਨਾਮ ਤੇ ਓਹਨਾ ਦੀਆਂ ਖੁੱਲ੍ਹਾਂ ਨੂੰ ਸਕੂਲ ਦੀਆਂ ਕੰਧਾਂ ਤੇ ਲਿਖਿਆ ਜਾ ਰਿਹਾ ਹੈ।

ਅਖ਼ੀਰ ਚ ਕੁਝ ਹੱਦ ਤੱਕ ਓਹ ਅਧਿਆਪਕ ਵੀ ਜ਼ਿੰਮੇਵਾਰ ਹਨ ਜੋ ‘ਛੱਡ ਪਰੇ ਆਪਾਂ ਨੂੰ ਕੀ।’ ਦੀ ਪ੍ਰਵਿਰਤੀ ਦੇ ਧਾਰਨੀ ਹੁੰਦੇ ਹਨ।ਕਿਤੇ ਨਾ ਕਿਤੇ ਸਮਾਜ ਦੇ ਆਮ ਨਾਗਰਿਕ ਵੀ ਇਸ ਦੇ ਭਾਗੀਦਾਰੀ ਨਜ਼ਰ ਆਉਂਦੇ ਹਨ। ਜਦ ਕਦੇ ਕਿਸੇ ਵਿਦਿਆਰਥੀ ਨੂੰ ਬੇਢੰਗੇ ਤਰੀਕੇ ਨਾਲ਼ ਕਟਵਾਏ ਵਾਲਾ ਆਦਿ ਬਾਰੇ ਕੁੱਝ ਕਿਹਾ ਜਾਂਦਾ ਹੈ ਤਾਂ ਨਗਰ ਦੇ ਸੱਜਣ/ਮਾਪੇ ਓਹਨਾਂ ਨੂੰ ਝਿੜਕਣ ਜਾਂ ਸਮਝਾਉਣ ਦੀ ਬਜਾਇ ਓਹਨਾ ਦਾ ਪੱਖ ਲੈ ਕੇ ਓਹਨਾ ਨੂੰ ਵਿਗੜਨ ਵਾਲੇ ਪਾਸੇ ਧੱਕਣ ਦਾ ਕੰਮ ਕਰਦੇ ਹਨ।

NO COMMENTS