*ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਰ ਸੂਚੀਆਂ ਤਿਆਰ ਕਰਨ ਦਾ ਪ੍ਰੋਗਰਾਮ ਜਾਰੀ*

0
21

ਮਾਨਸਾ, 14 ਅਕਤੂਬਰ :(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
  ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿਚ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ 21 ਅਕਤੂਬਰ 2023 ਨੂੰ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ, ਜੋ ਕਿ 15 ਨਵੰਬਰ 2023 ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ 16 ਨਵੰਬਰ 2023 ਤੋਂ 4 ਦਸੰਬਰ 2023 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਿੰਟਿੰਗ ਹੋਵੇਗੀ।
ਇਸ ਤੋਂ ਬਾਅਦ 5 ਦਸੰਬਰ 2023 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ। ਇਸੇ ਹੀ ਦਿਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਲੈਣ ਸਬੰਧੀ ਚੋਣ ਹਲਕੇ ਅਨੁਸਾਰ ਨਿਯੁਕਤ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਦੀ ਆਖਰੀ ਮਿਤੀ 26 ਦਸੰਬਰ 2023 ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਜਨਵਰੀ 2024 ਤੱਕ ਦਾਅਵਿਆਂ ਅਤੇ ਇਤਰਾਜ਼ਾਂ ਦਾ ਸਿੱਖ ਗੁਰਦੁਆਰਾ ਬੋਰਡ ਚੋਣਾਂ, 1959 ਦੇ ਰੂਲ ਨੰਬਰ 10 (3) ਅਨੁਸਾਰ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਬਾਅਦ 15 ਜਨਵਰੀ 2024 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 16 ਜਨਵਰੀ 2024 ਨੂੰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਮਵੀਰ ਸਿੰਘ ਨੇ ਸਿੱਖ ਗੁਰਦੁਆਰਾ ਚੋਣਾਂ ਰੂਲਜ਼ 1959 ਜੋ ਸਮੇਂ-ਸਮੇਂ ਸਿਰ ਸੋਧੇ ਗਏ ਹਨ, ਦੇ ਰੂਲ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੋਰਡ ਚੋਣ ਹਲਕੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਚੋਣ ਹਲਕੇ ਵਿਚੋਂ ਬਿਨੈਕਾਰਾਂ ਪਾਸੋਂ ਦਾਅਵੇ/ਇਤਰਾਜ਼ ਪ੍ਰਾਪਤ ਕਰਨ, ਫੈਸਲੇ ਕਰਨ, ਵੋਟਰ ਸੂਚੀ ਤਿਆਰ ਕਰਨ ਅਤੇ ਚੋਣਾਂ ਲਈ ਬਤੌਰ ਰਿਵਾਈਜ਼ਿੰਗ ਅਥਾਰਟੀਜ਼ ਅਤੇ ਇਨ੍ਹਾਂ ਨਾਲ ਬੋਰਡ ਚੋਣ ਹਲਕੇਵਾਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਪੈਂਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 37-ਸਰਦੂਲਗੜ੍ਹ ਲਈ ਉੱਪ ਮੰਡਲ ਮੈਜਿਸਟ੍ਰੇਟ ਸਰਦੂਲਗੜ੍ਹ ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ 38 ਮਾਨਸਾ ਲਈ ਉਪ ਮੰਡਲ ਮੈਜਿਸਟਰੇਟ ਮਾਨਸਾ, 39 ਜੋਗਾ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮਾਨਸਾ ਅਤੇ 40 ਬੁਢਲਾਡਾ ਲਈ ਉਪ ਮੰਡਲ ਮੈਜਿਸਟ੍ਰੇਟ ਬੁਢਲਾਡਾ ਨੂੰ ਰਿਵਾਈਜਿੰਗ ਅਥਾਰਟੀ ਅਫਸਰ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਰਿਵਾਈਜ਼ਿੰਗ ਅਥਾਰਟੀਜ਼ ਨੂੰ ਹਦਾਇਤ ਕੀਤੀ ਹੈ ਕਿ ਵੋਟਰ ਸੂਚੀ ਤਿਆਰ ਕਰਦੇ ਸਮੇਂ ਪ੍ਰਾਪਤ ਹੋਏ ਸ਼ਡਿਊਲ ਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਰਮ ਨੰਬਰ 1 ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੀ ਵੈੱਬਸਾਈਟ mansa.nic.in ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

NO COMMENTS