*ਸ਼੍ਰੋਮਣੀ ਅਕਾਲੀ ਦਲ ਵੱਲੋਂ ਛੋਟੇਪੁਰ ਨੂੰ ਬਟਾਲਾ ਤੋਂ ਉਮੀਦਵਾਰ ਐਲਾਨਿਆ*

0
19

ਚੰਡੀਗੜ੍ਹ 09,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼):: ‘ਆਪਣਾ ਪੰਜਾਬ ਪਾਰਟੀ’ ਦੇ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਛੋਟੇਪੁਰ ਨੂੰ ਪਾਰਟੀ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਤੇ ਬਟਾਲਾ ਤੋਂ ਉਮੀਦਵਾਰ ਐਲਾਨਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਜਥੇਦਾਰ ਛੋਟੇਪੁਰ ਨੇ ਆਮ ਆਦਮੀ ਪਾਰਟੀ ਨੂੰ ਖੜ੍ਹੀ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ ਪਰ ਆਪ ਨੇ ਇਨ੍ਹਾਂ ਨੂੰ ਧੋਖਾ ਦਿੱਤਾ ਸੀ।ਉਨ੍ਹਾਂ ਕਿਹਾ ਕਿ ਜਿਸ ਦਿਨ ਛੋਟੇਪੁਰ ਨੇ ‘ਆਪ’ ਨੂੰ ਛੱਡਿਆ ਸੀ, ‘ਆਪ’ ਉਸ ਦਿਨ ਹੀ ਡਿੱਗ ਪਈ ਸੀ। ਇਨ੍ਹਾਂ ਦੇ ਸਾਰੇ ਵਰਕਰ ਤੇ ਹਰ ਇੱਕ ਆਮ-ਖ਼ਾਸ ਬੰਦਾ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।

ਉਨ੍ਹਾਂ ਕਿਹਾ ਕਿ ਜਿਹੜੀ ਸੋਚ ‘ਆਪ’ ਲੈ ਕੇ ਚੱਲੀ ਸੀ, ਉਹ ਹੁਣ ਬਦਲ ਗਈ ਹੈ। ਹੁਣ ਸਿਰਫ ਕੇਜਰੀਵਾਲ ਨੇ ਸਭ ਕੁਝ ਕੈਪਚਰ ਕਰ ਲਿਆ ਹੈ। ਜੇ ਕੋਈ ਕੇਜਰੀਵਾਲ ਦੀ ਨਹੀਂ ਮੰਨਦਾ, ਉਸ ਨੂੰ ਭਜਾ ਦਿੱਤਾ ਜਾਂਦਾ ਹੈ।

ਇਸ ਮੌਕੇ ਛੋਟੇਪੁਰ ਨੇ ਕਿਹਾ ਕਿ ਪੁਰਾਣੇ ਘਰ ਵਿੱਚ ਆ ਕੇ ਖੁਸ਼ ਹਾਂ। ਪੰਜ ਸਾਲ ਮੈਂ ਚੁੱਪ ਬੈਠਾ ਰਿਹਾ। ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਚਲੀ ਜਾ ਰਹੀ ਹੈ। ਪੰਜਾਬ ਨਾਲ ਹਮੇਸ਼ਾ ਵਿਤਕਰਾ ਹੋਇਆ ਹੈ। ਇਸ ਲਈ ਇੱਕਜੁੱਟ ਹੋਣ ਦੀ ਲੋੜ ਹੈ।

ਜਥੇਦਾਰ ਛੋਟੇਪੁਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ‘ਆਪ’ ਨੂੰ ਅਲਵਿਦਾ ਆਖ ਦਿੱਤਾ ਸੀ। ਇਸ ਵਾਰ ਚਰਚਾ ਸੀ ਕਿ ਉਹ ਮੁੜ ‘ਆਪ’ ਵਿੱਚ ਆ ਸਕਦੇ ਹਨ ਪਰ ਸ਼ਾਇਦ ਇਹ ਸਿਰੇ ਨਹੀਂ ਚੜ੍ਹ ਸਕਿਆ।

NO COMMENTS