*ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਪ੍ਰਧਾਨ ਵਜੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਰੱਦ*

0
38

ਚੰਡੀਗੜ੍ਹ  17,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫੇ ਦੀ ਪੇਸ਼ਕਸ਼ ਕੀਤੀ ਜਿਸਨੂੰ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਰੱਦ ਕਰ ਦਿੱਤਾ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਕੱਲ੍ਹ  ਤੇ ਅੱਜ ਜ਼ਿਲ੍ਹਾ ਪ੍ਰਧਾਨਾਂ ਤੇ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਪਾਰਟੀ ਅਤੇ ਇਸਦੀ ਭਲਾਈ ਉਹਨਾਂ ਲਈ ਸਭ ਤੋਂ ਉਪਰ ਹੈ। ਉਹਨਾਂ ਕਿਹਾ ਕਿ ਮੈਂ ਹਮੇਸ਼ਾ ਆਪਣੇ ਵੱਲੋਂ ਪਾਰਟੀ ਦੇ ਬਿਹਤਰ ਹਿੱਤਾਂ ਲਈ ਕੰਮ ਕੀਤਾ। ਮੈਂ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਾ ਹਾਂ ਤੇ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ।


ਪਾਰਟੀ ਲੀਡਰਸ਼ਿਪ ਨੇ ਉਹਨਾਂ ਦੀ ਇਹ ਪੇਸ਼ਕਸ਼ ਸਿੱਧੇ ਤੌਰ ’ਤੇ ਰੱਦ ਕਰ ਦਿੱਤਾ ਤੇ ਕਈ ਜ਼ਿਲ੍ਹਾ ਪ੍ਰਧਾਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਜ਼ੋਰਦਾਰ ਚੋਣ ਮੁਹਿੰਮ ਦੀ ਗੱਲ ਵੀ ਰੱਖੀ। ਇਸ ਮੌਕੇ ਇਕ ਰਸਮੀ ਮਤਾ ਸਰਬਸੰਮਤੀ ਨਾਲ ਪਾਸ ਕਰ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਪੂਰਾ ਭਰੋਸਾ ਪ੍ਰਗਟ ਕੀਤਾ ਗਿਆ।


ਇਹਨਾਂ ਆਗੂਆਂ ਨੇ ਕਿਹਾ ਕਿ ਸਰਦਾਰ ਬਾਦਲ ਨੇ ਨਾ ਸਿਰਫ ਅੱਗੇ ਹੋ ਕੇ ਪਾਰਟੀ ਦੀ ਅਗਵਾਈ ਕੀਤੀ ਬਲਕਿ ਪਾਰਟੀ ਦੀ ਲੀਡਰਸ਼ਿਪ ਅਤੇ ਪਾਰਟੀ ਕੇਡਰ ਨੂੰ ਵੀ ਪਾਰਟੀ ਵਾਸਤੇ ਸਖ਼ਤ ਮਿਹਨਤ ਕਰਨ ਲਈ ਪੇ੍ਰਰਿਆ। ਇਹਨਾਂ ਆਗੂਆਂ ਨੇ ਕਿਹਾ ਕਿ ਭਾਵੇਂ ਨਤੀਜੇ ਆਸ ਮੁਤਾਬਕ ਨਹੀਂ ਆਏ ਪਰ ਪਾਰਟੀ ਪ੍ਰਧਾਨ ਦਾ ਕੋਈ ਕਸੂਰ ਨਹੀਂ ਕੱਢਿਆ ਜਾ ਸਕਦਾ। ਲੋਕਾਂ ਨੇ ਬਦਲਾਅ ਵਾਸਤੇ ਵੋਟਾਂ ਪਾਈਆਂ ਤੇ ਸਮੁੱਚੀ ਵਿਰੋਧੀ ਧਿਰ ਇਕ ਕਿਸਮ ਦੀ ਸੁਨਾਮੀ ਵਿਚ ਵਹਿ ਗਈ।


ਮੀਟਿੰਗ ਵਿਚ ਆਪਣੀ ਫੀਡਬੈਕ ਦਿੰਦਿਆਂ ਅਕਾਲੀ ਦਲ ਆਗੂਆਂ ਨੇ ਦੱਸਿਆ ਕਿ ਅਨੇਕਾਂ ਥਾਵਾਂ ’ਤੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਂ ਵੀ ਨਹੀਂ ਪਤਾ ਸੀ ਪਰ ਉਹਨਾਂ ਫਿਰ ਵੀ ਵੋਟਾਂ ਆਮ ਆਦਮੀ ਪਾਰਟੀ ਨੁੂੰ ਪਾਈਆਂ ਜਿਸ ਨਾਲ ਅਕਾਲੀ ਦਲ ਦਾ ਵੱਡਾ ਨੁਕਸਾਨ ਹੋਇਆ।


ਉਨ੍ਹਾਂ ਨੇ ਕਿਹਾ ਹਾਲੇ ਵੀ  ਸਭ ਕੁਝ ਖਤਮ ਨਹੀਂ ਹੋਇਆ, ਅਕਾਲੀ ਦਲ ਵਿਚ ਫਰਸ਼ ਤੋਂ ਅਰਸ਼ ’ਤੇ ਪਹੁੰਚਣ ਦੀ ਕਾਬਲੀਅਤ ਤੇ ਸਮਰਥਾ ਹੈ ਅਤੇ ਇਸ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੁੰ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਿਛਲੀਆਂ ਅਕਾਲੀ ਸਰਕਾਰਾਂ ਵੇਲੇ ਰਿਕਾਰਡ ਵਿਕਾਸ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਵਿਲੱਖਣ ਸਮਾਜ ਭਲਾਈ ਸਕੀਮਾਂ ਲੋਕਾਂ ਵਾਸਤੇ ਪੇਸ਼ ਕੀਤੀਆਂ ਗਈਆਂ ਸਨ। 


ਇਸ ਦੌਰਾਨ ਸਰਦਾਰ ਬਾਦਲ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦੱਸਿਆ ਕਿ ਪਾਰਟੀ ਨਾ ਸਿਰਫ ਉਹਨਾਂ ਅਤੇ ਹੋਰ ਪਾਰਟੀ ਆਗੂਆਂ ਤੋਂ ਹਾਰ ਦੇ ਕਾਰਨਾਂ ਬਾਰੇ ਫੀਡਬੈਕ ਲਵੇਗੀ ਬਲਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਰਾਇ ਇਸ ਬਾਰੇ ਜਾਣੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮਕਸਦ ਵਾਸਤੇ ਇਕ ਉਚ ਤਾਕਤੀ ਕਮੇਟੀ ਬਣਾਈ ਜਾ ਰਹੀ ਹੈ ਜੋ ਜ਼ਰੂਰੀ ਫੀਡਬੈਕ ਵਾਸਤੇ ਲੋੜੀਂਦੀਆਂ ਮੀਟਿੰਗਾਂ ਕਰੇਗੀ ਅਤੇ ਪਾਰਟੀ ਨੁੰ ਮੁੜ ਮਜ਼ਬੂਤ ਕਰਨ ਬਾਰੇ ਸਿਫਾਰਸ਼ਾਂ ਕਰੇਗੀ।

NO COMMENTS