ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਨੂੰ ਫੜਨ ਲਈ 1300 ਕਿਲੋਮੀਟਰ ਪਿੱਛੇ ਦੌੜੀ ਪੰਜਾਬ ਪੁਲਿਸ

0
165

ਅੰਮ੍ਰਿਤਸਰ  12 ਜੁਲਾਈ 2020  (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਪੁਲਿਸ ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਤਕਰੀਬਨ 1300 ਕਿਲੋਮੀਟਰ ਪਿੱਛਾ ਕਰਨ ਪਿੱਛੋਂ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਔਰਤਾਂ ਖ਼ਿਲਾਫ਼ ਨਿੰਦਣਯੋਗ ਸ਼ਬਦਾਵਲੀ ਵਾਲਾ ਵੀਡੀਓ ਵਾਇਰਲ ਕਰਨ ਤੇ ਫਿਰਕੂ ਨਫ਼ਰਤ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਐਤਵਾਰ ਦੀ ਸਵੇਰ ਪੰਜਾਬ ਪੁਲਿਸ ਅੰਮ੍ਰਿਤਸਰ (ਦਿਹਾਤੀ) ਦੀਆਂ 11 ਜਵਾਨਾਂ ਵਾਲੀਆਂ ਦੋ ਟੀਮਾਂ ਨੇ ਸੂਰੀ ਨੂੰ ਕਾਬੂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਵਾਲਾ ਵੀਡੀਓ ਜਾਰੀ ਹੋਣ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਲਈ ਮੁਹਿੰਮ ਚਲਾਈ ਗਈ ਸੀ। ਇਸ ਮਗਰੋਂ ਇੱਕ ਫੇਸਬੁੱਕ ਵੀਡੀਓ ਰਾਹੀਂ ਸੂਰੀ ਨੇ ਬਾਅਦ ਵਿੱਚ ਦਾਅਵਾ ਕੀਤਾ ਸੀ ਕਿ ਉਕਤ ਇਤਰਾਜ਼ਯੋਗ ਵੀਡੀਓ ਕਲਿੱਪ ਉਸ ਦੇ ਨਾਂ ਦੀ ਵਰਤੋਂ ਕਰਕੇ ਕਿਸੇ ਹੋਰ ਵਿਅਕਤੀ ਵੱਲੋਂ ਵਾਇਸਓਵਰ ਕੀਤਾ ਗਿਆ ਹੈ।

ਡੀਜੀਪੀ ਨੇ ਦੱਸਿਆ ਕਿ 8 ਜੁਲਾਈ ਨੂੰ ਪਹਿਲੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤੇ ਭਾਰਤ ਤੇ ਵਿਦੇਸ਼ ਦੋਵਾਂ ਵਿੱਚ ਭਾਰੀ ਅਲੋਚਨਾ ਹੋਣ ਤੋਂ ਬਾਅਦ ਜੰਡਿਆਲਾ ਪੁਲਿਸ, ਅੰਮ੍ਰਿਤਸਰ (ਦਿਹਾਤੀ) ਨੇ ਸੂਰੀ ਵਿਰੁੱਧ ਅਪਰਾਧਿਕ ਕੇਸ ਐਫਆਈਆਰ ਨੰ. 208, ਆਈਪੀਸੀ ਦੀ ਧਾਰਾ 153-ਏ, 354 ਏ, 509 ਤੇ 67 ਆਈ ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਡੀਜੀਪੀ ਨੇ ਕਿਹਾ ਕਿ ਸੂਰੀ ਵੱਲੋਂ ਉਕਤ ਇਤਰਾਜ਼ਯੋਗ ਵੀਡੀਓ ਕਲਿੱਪ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦੇ ਬਾਵਜੂਦ ਉਨ੍ਹਾਂ ਨੇ ਅੰਮ੍ਰਿਤਸਰ (ਦਿਹਾਤੀ) ਪੁਲਿਸ ਰਾਹੀਂ ਸ਼ੱਕੀ ਵਿਅਕਤੀ ਖਿਲਾਫ ਵੱਡੇ ਪੱਧਰ `ਤੇ ਕਾਰਵਾਈ ਦੇ ਆਦੇਸ਼ ਦਿੱਤੇ।

ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਫੌਰੈਂਸਿਕ ਸਾਇੰਸ ਲੈਬਾਰਟਰੀ ਪਾਸੋਂ ਜਲਦੀ ਤੋਂ ਜਲਦੀ ਕਲਿੱਪ ਦੀ ਜਾਂਚ ਕਰਵਾਈ ਜਾਵੇ। ਇਸ ਤੋਂ ਬਾਅਦ ਦੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰੀ ਦੇ ਡਰੋਂ ਸੂਰੀ ਇੰਦੌਰ ਭੱਜ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਮੱਧ ਪ੍ਰਦੇਸ਼ ਪੁਲਿਸ ਦੇ ਤਾਲਮੇਲ ਨਾਲ ਸਫਲਤਾਪੂਰਵਕ ਚਲਾਇਆ ਗਿਆ ਸੀ।

ਡੀਜੀਪੀ ਨੇ ਕਿਹਾ ਕਿ ਉਸਨੇ ਦੋ ਪੁਲਿਸ ਟੀਮਾਂ ਨੂੰ ਇੰਦੌਰ ਭੇਜਣ ਸਮੇਂ ਮੱਧ ਪ੍ਰਦੇਸ਼ ਵਿਚ ਆਪਣੇ ਹਮਰੁਤਬਾ ਅਧਿਕਾਰੀ ਵਿਵੇਕ ਜੋਹਰੀ ਨਾਲ ਨਿੱਜੀ ਤੌਰ `ਤੇ ਗੱਲ ਕੀਤੀ ਸੀ। 1 ਡੀਐਸਪੀ (ਔਰਤਾਂ ਵਿਰੁੱਧ ਅਪਰਾਧ) ਹਰੀਸ਼ ਬਹਿਲ, 2 ਐਸ.ਆਈ, 3 ਏਐਸਆਈ ਤੇ 5 ਕਾਂਸਟੇਬਲਾਂ ਵਾਲੀਆਂ ਟੀਮਾਂ ਨੇ ਇੰਦੌਰ ਪਹੁੰਚਣ ਲਈ 21 ਘੰਟਿਆਂ ਲਈ ਬਿਨਾਂ ਲਗਾਤਾਰ ਸਫਰ ਕਰਨ ਪਿੱਛੋਂ ਸੂਰੀ ਨੂੰ ਦਬੋਚਿਆ। ਪੰਜਾਬ ਪੁਲਿਸ ਹੁਣ ਜ਼ਮਾਨਤ ਰੱਦ ਕਰਨ ਸਬੰਧੀ ਅਰਜ਼ੀਆਂ ਲਈ ਸਬੰਧਤ ਨਿਆਂਇਕ ਅਦਾਲਤਾਂ ਵਿਚ ਜਾ ਰਹੀ ਹੈ ਜਿਥੇ ਸੂਰੀ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਜਾ ਚੁੱਕੀ ਹੈ।

NO COMMENTS