ਸ਼ਹੀਦ ਜਵਾਨ ਨੂੰ ਬਣਦਾ ਮਾਣ-ਸਨਮਾਨ ਨਾ ਮਿਲਣ ਤੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵਿੱਚ ਰੋਸ

0
27

ਮਾਨਸਾ 6 ਅਕਤੂਬ(ਸਾਰਾ ਯਹਾ / ਮੁੱਖ ਸੰਪਾਦਕ):ਮਾਨਸਾ ਜਿਲ੍ਹੇ ਦੇ ਕਸਬਾ ਭੀਖੀ ਦੇ ਫੌਜੀ ਜਸਵੰਤ ਸਿੰਘ ਦੀ ਅਰੁਣਾਂਚਲ ਪ੍ਰਦੇਸ਼ ਦੇ ਡਾਮਡਿੰਗ (ਭਾਰਤ-ਚੀਨ ਸਰਹੱਦ) ਉੱਪਰ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ। ਜਦ ਇਹ ਫੌਜੀ ਜਵਾਨ ਚੀਨ ਬਾਰਡਰ ਦੇ ਉੱਪਰ ਤੈਨਾਤ ਫੌਜ ਦੇ ਜਵਾਨਾਂ ਨੂੰ ਛੱਡ ਕੇ ਵਾਪਿਸ ਆ ਰਿਹਾ ਸੀ। ਮ੍ਰਿਤਕ ਸ਼ਹੀਦ ਜਵਾਨ ਜਸਵੰਤ ਸਿੰਘ ਆਪਣੇ ਪਿੱਛੇ ਇੱਕ ਬਜ਼ੁਰਗ ਮਾਤਾ ਬਲਦੇਵ ਕੌਰ, ਆਪਣੀ ਪਤਨੀ ਬੇਅੰਤ ਕੌਰ, ਨੌ ਸਾਲਾਂ ਪੁੱਤਰ ਅਮਨਦੀਪ ਸਿੰਘ ਅਤੇ ਗਿਆਰ੍ਹਾਂ ਸਾਲਾਂ ਦੀ ਬੇਟੀ ਸਫਾਲੀ ਰਾਣੀ ਛੱਡ ਗਿਆ। ਸ਼ਹੀਦ ਜਵਾਨ ਦੀ ਅੱਜ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਸ਼੍ਰੀ ਗੁਰੂ ਰਵਿਦਾਸ ਮੰਦਿਰ, ਭੀਖੀ ਵਿਖੇ ਪਾਇਆ ਗਿਆ। ਅੱਜ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਭੋਗ ਦੀ ਰਸਮ ਵਿੱਚ ਸਮੂਲੀਅਤ ਕੀਤੀ ਪਰ ਇਲਾਕਾ ਨਿਵਾਸੀ ਅਤੇ ਪਰਿਵਾਰ ਵਿੱਚ ਇਸ ਗੱਲ ਦਾ ਰੋਸਾ ਪਾਇਆ ਗਿਆ ਕਿ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਜਸਵੰਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਵਿਧਾਨ ਬਚਾਓ ਮੰਚ ਦੇ ਆਗੂਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਬਲਕਰਨ ਸਿੰਘ ਬੱਲੀ ਐਡਵੋਕੇਟ ਨੂੰ ਪਰਿਵਾਰ ਨੇ ਭੋਗ ਸਮੇਂ ਦੱਸਿਆ ਕਿ ਜਵਾਨ ਦੇ ਸ਼ਹੀਦੀ ਪਾਉਣ ਤੋਂ ਲੈ ਕੇ ਭੋਗ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਮੰਤਰੀ ਜਾਂ ਮਾਨਸਾ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁੱਖੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਨਹੀਂ ਆਇਆ ਅਤੇ ਇਸ ਤੋਂ ਪਹਿਲਾਂ ਜੋ ਪੰਜਾਬ ਦੇ ਜਵਾਨ ਬਾਰਡਰ ਉੱਪਰ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪੰਜਾਬ ਸਰਕਾਰ ਵੱਲੋਂ ਮੰਤਰੀ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਮੁੱਖੀ ਪਰਿਵਾਰ ਦੇ ਸ਼ਹੀਦ ਜਵਾਨ ਦੀ ਭੋਗ ਦੀ ਰਸਮ ਸਮੇਂ ਹਾਜ਼ਰ ਹੁੰਦੇ ਹਨ। ਪਰ ਇਸ ਪਰਿਵਾਰ ਕੋਲ ਪੰਜਾਬ ਸਰਕਾਰ ਵੱਲੋਂ ਕੋਈ ਵੀ ਪ੍ਰਤੀਨਿਧੀ ਨਹੀਂ ਪਹੁੰਚਿਆ। ਕੇਵਲ ਤਹਿਸੀਲਦਾਰ ਮਾਨਸਾ ਭੋਗ ਦੀ ਰਸਮ ਵਿੱਚ ਮੱਥਾ ਟੇਕ ਕੇ ਵਾਪਿਸ ਆ ਗਏ, ਜਦਕਿ ਉਸ ਵੱਲੋਂ ਕੋਈ ਪੰਜਾਬ ਸਰਕਾਰ ਦੁਆਰਾ ਸਰਧਾਂਜਲੀ ਜਾਂ ਪਰਿਵਾਰ ਨਾਲ ਕੋਈ ਗੱਲ-ਬਾਤ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ। ਜਦਕਿ ਸ਼ਹੀਦ ਜਵਾਨ ਇੱਕ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਪਰਿਵਾਰ ਦੇ ਮਨ ਵਿੱਚ ਇਹ ਗੱਲ ਵੀ ਹੈ ਕਿ ਹੋ ਸਕਦਾ ਹੈ ਕਿ ਇੱਕ ਦਲਿਤ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਅੱਖੋਂ ਪਰੋਖਾ ਕੀਤਾ ਜਾ ਰਿਹਾ ਹੈ। ਪਰਿਵਾਰ ਵੱਲੋਂ ਇਸ ਗੱਲ ਦਾ ਰੋਸਾ ਵੀ ਪ੍ਰਗਟ ਕੀਤਾ ਗਿਆ ਕਿ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਜੋ ਕਿ ਦਲਿਤ ਪੱਖੀ ਹੋਣ ਦੀ ਹਾਮੀ ਭਰਦੀ ਹੈ ਅਤੇ ਜਿਸ ਨੇ ਆਪਣਾ ਮੁੱਖ ਵਿਰੋਧੀ ਧਿਰ ਦਾ ਨੇਤਾ ਵੀ ਇੱਕ ਦਲਿਤ ਐਮ.ਐਲ.ਏ ਨੂੰ ਬਣਾਇਆ ਹੈ ਵੱਲੋਂ ਵੀ ਪਰਿਵਾਰ ਨਾਲ ਅਫਸੋਸ ਕਰਨ ਲਈ ਕੋਈ ਆਗੂ ਪਰਿਵਾਰ ਕੋਲ ਨਹੀਂ ਆਇਆ। ਪਰਿਵਾਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਂਬਰ ਪਾਰਲੀਮੈਂਟ ਸਾਬਕਾ ਮੰਤਰੀ ਬੀਬਾ ਹਰਸਿਮਰਤ ਕੌਰ ਅਤੇ ਅਕਾਲੀ ਦਲ ਤੋਂ ਅਲੱਗ ਹੋਏ ਪਰਮਿੰਦਰ ਢੀਂਡਸਾ ਵੱਲੋਂ ਸ਼ਹੀਦ ਜਵਾਨ ਦੇ ਘਰ ਆ ਕੇ ਭੋਗ ਤੋਂ ਪਹਿਲਾਂ ਪਰਿਵਾਰ ਨਾਲ ਦੁੱਖ ਸਾਂਝਾ ਜ਼ਰੂਰ ਕੀਤਾ ਗਿਆ। ਇਸ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸੰਘਰਸ਼ੀਲ ਜੱਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਅਜਿਹੇ ਰਵੱਇਏ ਦੀ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੱਛਲੇ ਕੁੱਝ ਮਹੀਨਿਆਂ ਦੌਰਾਨ ਮਾਨਸਾ ਜਿਲ੍ਹੇ ਦੇ ਕੋਰੋਨਾ ਵਾਇਰਸ ਕਾਲ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਜੋ ਮੁਆਵਜ਼ਾ ਪੰਜਾਬ ਸਰਕਾਰ ਨੇ ਦਿੱਤਾ ਹੈ ਉਹ ਦਿੱਤਾ ਜਾਵੇ। ਪੰਜਾਬ ਸਰਕਾਰ ਦੇ ਪ੍ਰਤੀਨਿਧੀ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਇੱਕ ਦਲਿਤ ਸ਼ਹੀਦ ਜਵਾਨ ਦੇ ਘਰ ਆਉਣ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵੱਲੋਂ ਜੋ ਅਣਗਿਹਲੀ ਕੀਤੀ ਗਈ ਹੈ ਉਹਨਾਂ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਇਸ ਤਰ੍ਹਾਂ ਨਾ ਹੋਇਆ ਤਾਂ ਮਾਨਸਾ ਜਿਲ੍ਹੇ ਦੀਆਂ ਜਮੂਹਰੀ ਜੱਥੇਬੰਦੀਆਂ ਇਕੱਠੀਆਂ ਹੋ ਕੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰਨਗੀਆਂ। ਅੱਜ ਸ਼ਹੀਦ ਜਵਾਨ ਦੇ ਭੋਗ ਦੀ ਰਸਮ ਸਮੇਂ ਹਲਕਾ ਵਿਧਾਇਕ ਮਾਨਸਾ ਨਾਜ਼ਰ ਸਿੰਘ ਮਾਨਸ਼ਾਹੀਆਂ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੱਧੂ, ਵਾਇਸ ਪ੍ਰਧਾਨ ਅੰਗਰੇਜ਼ ਸਿੰਘ ਕਲੇਰ, ਬਲਵੰਤ ਭੀਖੀ, ਵਿਨੋਦ ਕੁਮਾਰ ਸਿੰਗਲਾ ਪ੍ਰਧਾਨ ਨਗਰ ਕੌਂਸਲ ਮਾਨਸਾ, ਦਿਲਬਾਗ ਸਿੰਘ ਢਿੱਲੋਂ ਐਡਵੋਕੇਟ, ਓਮਕਾਰ ਸਿੰਘ ਮਿੱਤਲ ਐਡਵੋਕੇਟ ਅਤੇ ਗੁਰਇਕਬਾਲ ਸਿੰਘ ਮਾਨਸ਼ਾਹੀਆਂ ਪ੍ਰਧਾਨ ਲਿਗਲ ਸੈੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਹਾਜ਼ਰ ਸਨ।

NO COMMENTS