ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ) : ਮਾਨਸਾ ਵਿਚ ਨਗਰ ਕੌਂਸਲ ਪ੍ਰਧਾਨ ਦੀ ਅਣਹੋਂਦ ਵਿਚ ਕਾਫੀ ਲੰਬੇ ਤੋਂ ਵਿਕਾਸ ਕੰਮਾਂ ਅਤੇ ਹੋਰ ਸਮੱਸਿਆਵਾਂ ਦੇ ਹੱਲ ਤੋਂ ਮੁਨਕਰ ਅਫਸਰਸ਼ਾਹੀ ਦੇ ਵਤੀਰੇ ਤੋਂ ਤੰਗ ਆ ਕੇ ਸ਼ਹਿਰ ਦੇ ਲੋਕਾਂ ਵਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਪ ਹੀ ਰਲ ਮਿਲ ਕੇ ਉਦਮ ਕਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੀ ਤਾਜ਼ੀ ਮਿਸਾਲ ਦੇਖਣ ਨੂੰ ਮਿਲੀ ਸ਼ਹਿਰ ਦੇ ਮੁੱਖ ਚੌਂਕ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਲਾਗੇ ਮੁੱਖ ਸੜਕ ਤੇ ਗੰਦੇ ਨਾਲੇ ਉਪਰ ਲੱਗੇ ਲੋਹੇ ਦੇ ਜੰਗਲੇ ਪਿਛਲੇ ਦੋ ਮਹੀਨੇ ਤੋਂ ਟੁੱਟੇ ਹੋਏ ਸਨ ਅਤੇ ਬਹੁਤ ਵਾਰ ਸਥਾਨਕ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਉਣ ਤੇ ਇਹਨਾਂ ਦੀ ਮੁਰੰਮਤ ਨਹੀਂ ਕਰਵਾਈ ਗਈ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਵਾਇਸ ਆਫ ਮਾਨਸਾ ਸੰਸਥਾ ਤਹਿਤ ਰਲ ਮਿਲ ਕੇ ਸ਼ਹਿਰੀਆਂ ਅਤੇ ਨਾਲ ਲੱਗਦੀਆਂ ਦੁਕਾਨਾਂ ਦੇ ਮਾਲਕਾਂ ਵਲੋਂ ਸੰਸਥਾ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਅਤੇ ਦੁਕਾਨਦਾਰਾਂ ਦੇ ਪ੍ਰਤੀਨਿਧੀ ਹਰਸ਼ਦੀਪ ਜਿੰਮੀ ਦੀ ਅਗਵਾਈ ਵਿਚ ਫੰਡ ਇਕੱਠਾ ਕਰਕੇ ਤਿੰਨ ਵੱਡੀਆਂ ਜਾਲੀਆਂ ਵਿਚ ਨਵੀਆਂ ਗਰਿੱਲਾਂ ਫਿੱਟ ਕਰਵਾ ਕੇ ਲਗਵਾਈਆਂ ਹਨ। ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਇਸ ਕਾਰਜ ਵਿਚ ਸੀਨੀਅਰ ਸਿਟੀਜ਼ਨ ਬਿੱਕਰ ਸਿੰਘ ਮਘਾਣੀਆਂ ਦਾ ਅਹਿਮ ਰੋਲ ਰਿਹਾ ਜਿੰਨਾ ਆਪ ਮਿਸਤਰੀਆਂ ਨਾਲ ਮਿਲ ਕੇ ਸਾਜ਼ੋ ਸਮਾਨ ਦੀ ਖਰੀਦੋ ਫ਼ਰੋਖਤ ਕੀਤੀ ਤੇ ਟਰੈਫਿਕ ਆਦਿ ਨੂੰ ਕੰਟਰੋਲ ਕਰਕੇ ਇਹ ਤਹਿ ਸਮੇਂ ਵਿਚ ਉੱਥੇ ਲਗਾ ਦਿੱਤੀਆਂ ਗਈਆ। ਉਹਨਾਂ ਵਲੋਂ ਸੰਸਥਾ ਮੈਂਬਰ ਵਿਸ਼ਵਦੀਪ ਬਰਾੜ , ਹਰਵਿੰਦਰ ਸਿੰਘ ਲਾਡੀ ਅਤੇ ਸੋਨੂੰ ਅਰੋੜਾ ਸਮੇਤ ਬਾਕੀ ਦੁਕਾਨਦਾਰਾਂ ਵਲੋਂ ਮਾਲੀ ਇਮਦਾਦ ਕਰਕੇ ਇਹ ਕਾਰਜ ਪੂਰਾ ਕਰਨ ਵਿਚ ਨਿਭਾਈ ਭੂਮੀਕਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇ ਉਹ ਨਾ ਮੱਦਦ ਕਰਦੇ ਤਾਂ ਇਥੋਂ ਲੰਘਦੇ ਲੋਕਾਂ ਅਤੇ ਕਾਰਾਂ ਆਦਿ ਦੇ ਨਕਸਾਨ ਦੇ ਭਰਪੂਰ ਆਸਾਰ ਸਨ ਜਿਸ ਨਾਲ ਜਾਨੀ ਤੇ ਮਾਲੀ ਦੋਵੇਂ ਨੁਕਸਾਨ ਹੋ ਸਕਦੇ ਸਨ। ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਡਾਕਟਰ ਸ਼ੇਰਜੰਗ ਸਿੰਘ ਸਿੱਧੂ, ਸੰਜੀਵ ਪਿੰਕਾ, ਕਿ੍ਸ਼ਨ ਕੁਮਾਰ ਰਿਟਾਇਰਡ ਐਸ ਡੀ ਓ ਵਲੋਂ ਇਸ ਮੌਕੇ ਪਹੁੰਚ ਕੇ ਪ੍ਰਸ਼ਾਸਨ ਦੀ ਨਲਾਇਕੀ ਤੇ ਦੋਸ਼ ਲਗਾਏ ਤੇ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਸੀਵਰੇਜ ਦੇ ਪਾਣੀ ਦੇ ਓਵਰ ਫਲੋ ਹੋਣ ਅਤੇ ਗੰਦਗੀ ਦੇ ਢੇਰ ਆਦਿ ਹੋਣ ਨਾਲ ਵੱਡੀਆਂ ਬੀਮਾਰੀਆਂ ਪੈਦਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਕਾਕਾ ਨੇ ਲੋਕਾਂ ਵਲੋਂ ਅਜਿਹੇ ਉਦਮ ਕਰਨ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਇਹ ਇਕ ਇਤਿਹਾਸਕ ਸ਼ੁਰੂਆਤ ਹੈ। ਗਰਿੱਲਾ ਲਗਾਏ ਜਾਣ ਸਮੇਂ ਨਰੇਸ਼ ਬਿਰਲਾ, ਨਰਿੰਦਰ ਗੁਪਤਾ, ਐਡਵੋਕੇਟ ਨਵਲ ਕੁਮਾਰ, ਗੁਰਪ੍ਰੀਤ ਸਿੰਘ ਸਿੱਧੂ ਅਤੇ ਹਰਜੀਵਨ ਸਰਾਂ ਸਮੇਤ ਹੋਰ ਬਹੁਤ ਸਾਰੇ ਮਾਨਸਾ ਵਾਸੀ ਮੌਜੂਦ ਸਨ।