ਸ਼ਰਾਬ ਨੀਤੀ ਨੂੰ ਲੈ ਕੇ, ਰਵਨੀਤ ਬਿੱਟੂ ਤੇ ਰਾਜਾ ਵੜਿੰਗ ਨੇ ਮੰਗੇ ਆਪਣਿਆਂ ਦੇ ਹੀ ਅਸਤੀਫੇ

0
212

ਚੰਡੀਗੜ੍ਹ: ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ‘ਤੇ ਵਿਚਾਰ-ਵਟਾਂਦਰੇ ਲਈ ਸ਼ਨੀਵਾਰ ਨੂੰ ਪ੍ਰੀ-ਕੈਬਨਿਟ ਬੈਠਕ ਬੁਲਾਈ ਗਈ। ਇਸ ਦੌਰਾਨ ਮੰਤਰੀਆਂ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਾਲੇ ਜ਼ੋਰਦਾਰ ਬਹਿਸ ਹੋਈ ਜਿਸ ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਇਸ ਬੈਠਕ ‘ਚ ਨਵੀਂ ਆਬਕਾਰੀ ਨੀਤੀ ‘ਤੇ ਕੋਈ ਸਿਹਮਤੀ ਵੀ ਨਹੀਂ ਬਣੀ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੀਟਿੰਗ ਨੂੰ ਸੋਮਵਾਰ ਤੱਕ ਟਾਲ ਦਿੱਤਾ।

ਇਸ ਬਹਿਸ ਦੇ ਨਾਲ ਪੰਜਾਬ ਦੀ ਸਿਆਸਤ ‘ਚ ਕਾਫੀ ਗਰਮਾ ਗਰਮੀ ਵੇਖਣ ਨੂੰ ਮਿਲ ਰਹੀ ਹੈ। ਇਸ ਬੈਠਕ ਤੋਂ ਬਾਅਦ ਕਾਂਗਰਸੀ ਨੇਤਾ ਇਸ ਵਿਵਾਦ ਕਾਰਨ ਦੋ ਧਿਰਾਂ ‘ਚ ਵੰਡੇ ਗਏ ਹਨ। ਲੁਧਿਆਣਾ ਤੋਂ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਸਕੱਤਰ ਦਾ ਪੱਖ ਲੈਂਦੇ ਹੋਏ ਮੰਤਰੀਆਂ ਨੂੰ ਅਸਤੀਫਾ ਦੇਣ ਤੱਕ ਕਹਿ ਦਿੱਤਾ।

ਇਸ ਮੁੱਦੇ ‘ਤੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਕਿਹਾ, ” ਮੰਤਰੀ ਦਾ ਕੈਬਨਿਟ ‘ਚੋਂ ਇਸ ਤਰ੍ਹਾਂ ਵਾਕਆਉਟ ਕਰਨਾ, ਇੰਝ ਲੱਗਦਾ ਹੈ ਜਿਵੇਂ ਕੋਈ ਜੱਜ ਐਡਵੋਕੇਟ ਨਾਲ ਬਹਿਸ ਕਰਨ ਤੋਂ ਬਾਅਦ ਅਦਾਲਤ ਦਾ ਕਮਰਾ ਛੱਡਣ। ਜੇ ਮੰਤਰੀਆਂ ਦੀ ਨਜ਼ਰ ‘ਚ ਅਫਸਰਸ਼ਾਹੀ ਅਯੋਗ ਹੈ, ਤਾਂ ਉਨ੍ਹਾਂ ਨੂੰ ਅਧਿਕਾਰੀਆਂ ਦੀ ਜਗ੍ਹਾ ਲੈਣੀ ਚਾਹੀਦੀ ਸੀ ਤੇ ਉਨ੍ਹਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਸੀ। “-

ਬਿੱਟੂ ਨੇ ਇੱਕ ਟਵੀਟ ਰਾਹੀਂ ਕਿਹਾ, ” ਕੋਰੋਨਾਵਾਇਰਸ ਮਹਾਮਾਰੀ ਦੌਰਾਨ ਮੰਤਰੀਆਂ ਤੇ ਨੌਕਰਸ਼ਾਹਾਂ ਵਿਚਾਲੇ ਸਬੰਧ ਮਜ਼ਬੂਤ ਹੋਣੇ ਚਾਹੀਦੇ ਹਨ। ਕੈਬਨਿਟ ਦੀ ਪ੍ਰੀ ਬੈਠਕ ‘ਚੋਂ ਵਾਕ ਆਉਟ ਕਰਨ ਵਾਲੇ ਮੰਤਰੀਆਂ ਨੂੰ ਉਨ੍ਹਾਂ ਦੇ ਵਤੀਰੇ ਲਈ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਬਹੁਤ ਸਾਰੇ ਲੋਕ ਦਬਾਅ ‘ਚ ਕੰਮ ਕਰਨ ਦੇ ਸਮਰੱਥ ਹਨ ਤੇ ਉਨ੍ਹਾਂ ਦੀ ਜਗ੍ਹਾ ਲੈਣ ਲਈ ਵੀ ਤਿਆਰ ਹਨ। “-

ਉਧਰ, ਆਪਣਾ ਪੱਖ ਰੱਖਦੇ ਹੋਏ ਰਾਜਾ ਵੜਿੰਗ ਨੇ ਮੁੱਖ ਸਕੱਤਰ ਕਰਨ ਅਵਤਾਰ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਵਿਵਹਾਰ ਚੰਗਾ ਨਹੀਂ ਹੈ। ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਸਰਕਾਰ ਉਨ੍ਹਾਂ ਨੂੰ ਨਾਇਬ ਤਹਿਸੀਲਦਾਰ ਨਿਯੁਕਤ ਕਰੇ।

ਦੱਸ ਦੇਈਏ ਕਿ ਸ਼ਨੀਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਆਬਕਾਰੀ ਨੀਤੀ ‘ਤੇ ਮੀਟਿੰਗ ਕੀਤੀ ਗਈ ਸੀ। ਮੰਤਰੀਆਂ ਦੇ ਨਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਸਮੇਂ ਮੰਤਰੀਆਂ ਤੇ ਮੁੱਖ ਸਕੱਤਰ ਦਰਮਿਆਨ ਤਿੱਖੀ ਬਹਿਸ ਹੋਈ। ਇਸ ਤੋਂ ਬਾਅਦ ਮੀਟਿੰਗ ‘ਚ ਕਾਫੀ ਹੰਗਾਮਾ ਹੋਇਆ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਬੈਠਕ ਵਿੱਚੇ ਛੱਡ ਕੇ ਚਲੇ ਗਏ। ਬੈਠਕ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਬਾਰੇ ਫੈਸਲਾ ਲਿਆ ਜਾਣਾ ਸੀ।

ਦਰਅਸਲ, ਪੰਜਾਬ ਦੇ ਐਕਸਾਇਜ਼ ਤੇ ਆਬਕਾਰੀ ਵਿਭਾਗ ਨੇ ਲੌਕਡਾਉਨ ਤੋਂ ਬਾਅਦ ਠੇਕਿਆਂ ਦੀ ਨਿਲਾਮੀ ਦੀ ਨੀਤੀ ਤਿਆਰ ਕੀਤੀ ਸੀ ਜਿਸ ਵਿੱਚ ਤਿੰਨ ਵਿਕਲਪ ਦਿੱਤੇ ਗਏ ਸਨ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਨੀਤੀ ਦੇ ਵੇਰਵਿਆਂ ਨੂੰ ਪੜਨਾ ਸ਼ੁਰੂ ਕੀਤਾ। ਇਸ ‘ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਤੁਸੀਂ ਪਹਿਲਾਂ ਹੀ ਫੈਸਲਾ ਕਰ ਚੁੱਕੇ ਹੋ, ਫਿਰ ਅਸੀਂ ਇੱਥੇ ਕਿਉਂ ਬੁਲਾਏ ਗਏ ਹਾਂ? ਇਸ ‘ਤੇ ਮੁੱਖ ਸਕੱਤਰ ਨੇ ਕਿਹਾ ਕਿ ਸਿਰਫ ਅਧਿਕਾਰੀ ਹੀ ਨੀਤੀ ਤਿਆਰ ਕਰਦੇ ਹਨ। ਮੰਤਰੀ ਮੰਡਲ ਸਿਰਫ ਇਸ ਨੂੰ ਪਾਸ ਕਰਦਾ ਹੈ। ਇਸੇ ਗੱਲ ਤੇ ਬਹਿਸ ਨੇ ਜ਼ੋਰ ਫੜ੍ਹ ਲਿਆ ਤੇ ਹੰਗਾਮਾ ਹੋ ਗਿਆ।

NO COMMENTS