ਬਰੇਟਾ 17 ਨਵੰਬਰ (ਸਾਰਾ ਯਹਾ /ਰੀਤਵਾਲ) ਬੀਤੇ ਦਿਨ ਹੋਈ ਬਾਰਿਸ਼ ਨੇ ਆਸਮਾਨ ਨੂੰ ਸਾਫ ਕਰ ਦਿੱਤਾ ਹੈ। ਹਰ ਵਾਰ ਦੀ
ਤਰਾਂ੍ਹ ਇਸ ਵਾਰ ਵੀ ਪਰਾਲੀ ਨੂੰ ਅੱਗ ਲਗਾਉਣ ਜਾ ਨਾ ਲਗਾਉਣ ਦਾ ਮਾਮਲਾ ਪੂਰੀ ਤਰਾਂ੍ਹ ਰਾਜਨੀਤੀ
ਵਿੱਚ ਛਾਇਆ ਰਿਹਾ । ਜਿਸਨੂੰ ਲੈ ਕੇ ਪ੍ਰਸ਼ਾਸਨ ਵੀ ਦੁਵਿਧਾ ਵਿੱਚ ਫਸਿਆ ਰਿਹਾ ਪ੍ਰੰਤੂ ਅਖੀਰ ‘ਚ
ਬਹੁਤੇ ਕਿਸਾਨ ਆਪਣੀ ਜਿੱਦ ਪੁਗਾਉਣ ਵਿੱਚ ਸਫਲ ਰਹੇ ਅਤੇ ਉਨ੍ਹਾਂ ਨੇ ਪਰਾਲੀ ਨੂੰ ਅੱਗ ਲਗਾ ਕੇ ਹੀ
ਸਾਹ ਲਿਆ । ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਦੀਆਂ ਲਿਸਟਾਂ ਬਣਾਉਣ ਲਈ ਪਟਵਾਰੀਆਂ
ਤੋਂ ਇਲਾਵਾ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਵੀ ਲਗਾਈਆ ਗਈਆ । ਜਿਨ੍ਹਾਂ
ਦਾ ਕਈ ਥਾਵਾਂ ਤੇ ਕਿਸਾਨਾਂ ਵੱਲੋਂ ਸਖਤ ਵਿਰੋਧ ਵੀ ਕੀਤਾ ਗਿਆ । ਬਹੁਤੇ ਕਿਸਾਨਾਂ ਨੇ ਫੈਕਟਰੀਆਂ
ਨਾਲ ਰਾਬਤਾ ਕਾਇਮ ਕਰਕੇ ਪਰਾਲੀ ਦੀਆਂ ਗੰਢਾਂ ਬਣਾਕੇ ਪ੍ਰਦੂਸ਼ਣ ਨੂੰ ਕਾਬੂ ਕਰਨ ਵਿੱਚ ਅਹਿਮ
ਰੋਲ ਨਿਭਾਇਆ ਅਤੇ ਉਨ੍ਹਾ ਨੂੰ ਪ੍ਰਦੂਸ਼ਣ ਮੁੱਕਤ ਮੁਹਿੰਮ ਵਿੱਚ ਯੋਗਦਾਨ ਪਾਉਣ ਤੇ
ਸਨਮਾਨਿਤ ਵੀ ਕੀਤਾ ਗਿਆ । ਗ੍ਰੀਨ ਟ੍ਰਿਬਿਊਨਲ ਦੀ ਸਖਤੀ ਦੇ ਬਾਵਜੂਦ ਵੀ ਪੰਜਾਬ/ਹਰਿਆਣਾ ਦਾ
ਪ੍ਰਦੂਸ਼ਣ ਦਿੱਲੀ ਦੀਆਂ ਹੱਦਾਂ ਪਾਰ ਕਰ ਗਿਆ ਪਰ ਕਾਨੂੰਨ ਘਾੜੇ ਕਾਨੂੰਨ ਬਣਾਉਣ ਵਿੱਚ ਹੀ
ਮਸ਼ਰੂਫ ਰਹੇ । ਪਰਾਲੀ ਤੋਂ ਨਿਕਲੇ ਧੂੰਏ ਕਾਰਨ ਲੋਕਾਂ ਦਾ ਜਿਓਣਾ ਬਹੁਤ ਮੁਸ਼ਕਿਲ ਹੋ ਗਿਆ ਸੀ ।
ਇਸ ਨਾਲ ਸਭ ਤੋਂ ਵੱਧ ਤਕਲੀਫ ਦਿਲ ਦੇ ਮਰੀਜ਼ਾ, ਕੈਂਸਰ ਅਤੇ ਸਾਹ ਦੇ ਰੋਗੀਆਂ ਨੂੰ ਜਿਆਦਾ
ਮਹਿਸੂਸ ਹੋ ਰਹੀ ਸੀ ਪਰ ਉਨ੍ਹਾਂ ਤੇ ਤਰਸ ਕਰਨ ਵਾਲਾ ਵੀ ਕੋਈ ਨਹੀਂ ਸੀ ਪਰ ਹੁਣ ਕੁਦਰਤ ਦੇ ਕਰਿਸ਼ਮੇ
ਨੇ ਪ੍ਰਦੂਸ਼ਣ ਤੋਂ ਮੁਕਤ ਕਰ ਦਿੱਤਾ ਹੈ ਅਤੇ ਸਭ ਜੀਵਾਂ ਅਤੇ ਪ੍ਰਾਣੀਆਂ ਨੂੰ ਪ੍ਰਦੂਸ਼ਣ ਤੋਂ
ਨਿਯਾਤ ਦਵਾ ਦਿੱਤੀ ਹੈ । ਜਿਸ ਨਾਲ ਹੁਣ ਹਰ ਕੋਈ ਸੁੱਖ ਦਾ ਸਾਹ ਲੈ ਰਿਹਾ ਹੈ ।