*ਵੱਖ-ਵੱਖ ਸੰਸਥਾਵਾਂ ਵੱਲੋਂ ਮਾਨਸਾ ਦੀ ਦਸਵੀਂ ਦੀ ਟਾੱਪਰ ਵਿਦਿਆਰਥਣ ਰਾਣੀ ਦਾ ਵਿਸ਼ੇਸ਼ ਸਨਮਾਨ*

0
55
08 ਮਈ 2024(ਸਾਰਾ ਯਹਾਂ/ਮੁੱਖ ਸੰਪਾਦਕ)ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੀ ਸਕੂਲ ਦੀ ਵਿਦਿਆਰਥਣ ਰਾਣੀ ਪੁੱਤਰੀ ਸ਼੍ਰੀ ਸੁਲਤਾਨ ਸਿੰਘ ਨੂੰ ਸ਼ਹਿਰ ਦੀਆਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਾਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਗੁਰਸਿਮਰ ਕੌਰ ਨੇ ਇਨ੍ਹਾਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਰਾਣੀ ਕੌਰ ਨੇ ਦਸਵੀਂ ਦੀ ਮੈਰਿਟ ਦੇ ਨਾਲ-ਨਾਲ ਪੂਰੇ ਮਾਨਸਾ ਜਿਲ੍ਹੇ ਵਿੱਚੋਂ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ। ਇਸ ਸਨਮਾਨ  ਸਮਾਰੋਹ ਮੌਕੇ ਬੋਲਦਿਆ ਸਕੂਲ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਸਾਨੂੰ ਮਾਣ ਹੈ ਅਜਿਹੀਆਂ ਸਾਡੀਆਂ ਧੀਆਂ 'ਤੇ ਜਿਹੜੀਆਂ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਅਜਿਹੀਆਂ ਵਿਦਿਆਰਥਣਾਂ ਸਕੂਲ ਦੀਆਂ ਦੂਜੀਆਂ ਵਿਦਿਆਰਥਣਾਂ ਲਈ ਪ੍ਰੇਰਨਾ ਸ੍ਰੋਤ ਹਨ। ਇਸ ਸਨਮਾਨ ਸਮਾਗਮ ਵਿੱਚ ਡਾ. ਜਨਕ ਰਾਜ ਸਿੰਗਲਾ ਪ੍ਰਧਾਨ ਵਾਇਸ ਆਫ਼ ਮਾਨਸਾ, ਚਮਨ ਲਾਲ ਗੋਇਲ ਐਡਵੋਕੇਟ ਅਤੇ ਪ੍ਰਮੋਦ ਕੁਮਾਰ ਸਵਾਮੀ ਵਿਵੇਕਾਨੰਦ ਵੈੱਲਫੇਅਰ ਸੁਸਾਇਟੀ ਮਾਨਸਾ, ਸਮਾਜ-ਸੇਵੀ ਜਤਿੰਦਰ ਵੀਰ ਗੁਪਤਾ, ਰਿਟਾਇਡ ਰੀਡਰ ਜੁਡੀਸ਼ੀਅਲ ਕੋਰਟ ਮਾਨਸਾ ਅਮਿ੍ੰਤਪਾਲ ਗੋਇਲ, ਸਮਾਜ-ਸੇਵੀ ਜੀਤੂ ਰਾਮ ਗੋਇਲ ਅਤੇ ਪ੍ਰਵੀਨ ਕੁਮਾਰ ਜਿੰਦਲ ਭਗਤਾ ਭਾਇਕਾ (ਬਠਿੰਡਾ) ਵੱਲੋਂ ਵਿਸ਼ੇਸ਼ ਰੂਪ ਵਿੱਚ  ਵਿਦਿਆਰਥਣ ਰਾਣੀ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਵਿਦਿਆਰਥਣ ਰਾਣੀ ਦੇ ਮਾਤਾ-ਪਿਤਾ ਵੀ ਉਚੇਚੇ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਜਨਕ ਰਾਜ ਸਿੰਗਲਾ ਵੱਲੋਂ ਵਿਦਿਆਰਥਣਾਂ ਨੂੰ ਸੰਜਮ ਅਤੇ ਸੇਵਾ ਦੇ ਗੁਰ ਦੱਸਦੇ ਹੋਏ ਉਨ੍ਹਾਂ ਨਾਲ ਨੈਤਿਕਤਾ ਭਰਪੂਰ ਗੱਲਾਂ ਸਾਂਝੀਆਂ ਕੀਤੀਆਂ ਅਤੇ ਹਰੇਕ ਖੇਤਰ ਵਿੱਚ ਤਰੱਕੀ ਕਰਨ ਦੀ ਹੱਲਾਸ਼ੇਰੀ ਦਿੱਤੀ। ਇਸ ਤੋਂ ਪਹਿਲਾ ਵੀ ਸਰਕਾਰੀ ਗਰਲਜ਼ ਸਕੂਲ ਮਾਨਸਾ ਦੀਆਂ ਵਿਦਿਆਰਥਣਾਂ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਇਸ ਵਾਰੀ ਫੇਰ ਸਕੂਲ ਦੀ ਵਿਦਿਆਰਥਣ ਰਾਣੀ ਨੇ ਇਸ ਰੀਤ ਨੂੰ ਕਾਇਮ ਰੱਖਦੇ ਹੋਏ ਪੜਾਈ ਦੇ ਖੇਤਰ ਵਿੱਚ ਪੰਜਾਬ ਪੱਧਰ 'ਤੇ ਮੱਲ ਮਾਰੀ ਹੈ। ਇਸ ਦਾ ਸਿਹਰਾ ਬੱਚੀ, ਉਸ ਦੇ ਮਾਪੇ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਇਸ ਬੱਚੀ ਨੂੰ ਤਰਾਸ਼ਿਆਂ। ਸਕੂਲ ਦੇ ਇਸ ਸਾਦੇ ਸਨਮਾਨ ਸਮਾਗਮ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

NO COMMENTS