*ਵੋਟ ਪਾਉਣ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਜਾਂ ਚੋਣ ਕਮਿਸਨ ਵੱਲੋਂ ਨਿਰਧਾਰਿਤ ਸ਼ਨਾਖਤੀ ਕਾਰਡ ਹੋਣਾ ਜ਼ਰੂਰੀ-ਜਿਲਾ ਚੋਣ ਅਫਸਰ*

0
10

ਮਾਨਸਾ, 03 ਫਰਵਰੀ  (ਸਾਰਾ ਯਹਾਂ/ ਮੁੱਖ ਸੰਪਾਦਕ ): ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਵੋਟਰ ਕੇਵਲ ਫੋਟੋ ਵੋਟਰ ਸਲਿਪ ਰਾਹੀਂ ਵੋਟ ਨਹੀਂ ਪਾ ਸਕਦੇ ਉਨਾਂ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ (ਐਪਿਕ) ਜਾਂ ਫਿਰ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਸ਼ਨਾਖਤੀ ਕਾਰਡਾਂ ਵਿਚੋਂ ਕੋਈ ਇੱਕ ਹੋਣਾ ਲਾਜ਼ਮੀ ਹੈ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਚੋਣਾਂ-2022 ਵਿੱਚ ਵੋਟਰਾਂ ਨੂੰ ਫੋਟੋ ਵੋਟਰ ਸਲਿੱਪ ਦੀ ਥਾਂ ‘ਤੇ ਵੋਟਰ ਫੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਜਿਸ ਦੀ ਵਰਤੋਂ ਉਹ ਵੋਟ ਪਾਉਣ ਲਈ ਕਰ ਸਕਦੇ ਹਨ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਵਿਕਲਪਕ ਸ਼ਨਾਖਤੀ ਕਾਰਡ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ/ਪਬਲਿਕ ਲਿਮਟਿਡ ਕੰਪਨੀਆਂ ਵਲੋਂ ਕਰਮਚਾਰੀਆਂ ਨੂੰ ਜਾਰੀ ਫੋਟੋਗ੍ਰਾਫ ਵਾਲਾ ਸਰਵਿਸ ਸ਼ਨਾਖਤੀ ਕਾਰਡ, ਬੈਂਕ/ਪੋਸਟ ਆਫਿਸ ਵਲੋਂ ਜਾਰੀ ਫੋਟੋਗ੍ਰਾਫ ਵਾਲੀ ਪਾਸਬੁੱਕ, ਪੈਨ ਕਾਰਡ, ਐਨ.ਪੀ.ਐਰ ਤਹਿਤ ਆਰ.ਜੀ.ਆਈ ਵਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਕਾਰਡ, ਕਿਰਤ ਮੰਤਰਾਲੇ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਗ੍ਰਾਫ ਵਾਲਾ ਪੈਨਸ਼ਨ ਦਸਤਾਵੇਜ, ਐਮ.ਪੀ./ਐਮ.ਐਲ.ਏ./ਐਮ.ਐਲ.ਸੀ. ਵਲੋਂ ਜਾਰੀ ਅਧਿਕਾਰਤ ਪਛਾਣ ਪੱਤਰ ਅਤੇ ਅਧਾਰ ਕਾਰਡ ਸ਼ਾਮਿਲ ਹੈ। ਉਨਾਂ ਦੱਸਿਆ ਕਿ ਪਹਿਲਾਂ ਕਮਿਸ਼ਨ ਵਲੋਂ ਫੋਟੋ ਵੋਟਰ ਸਲਿਪ (ਪੀ.ਵੀ.ਐਸ) ਸਲਿੱਪ ਨੂੰ ਸ਼ਨਾਖਤੀ ਦਸਤਾਵੇਜ ਵਜੋਂ ਪ੍ਰਵਾਨਗੀ ਦਿੱਤੀ ਗਈ ਸੀ ਪਰ ਇਸ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਵਿਚ ਰੱਖ ਕੇ ਵੋਟਰ ਫੋਟੋ ਸ਼ਨਾਖਤੀ ਕਾਰਡ ਵਰਤੋਂ ਵਿੱਚ ਲਿਆਇਆ ਗਿਆ। ਉਨਾਂ ਕਿਹਾ ਕਿ ਫੋਟੋ ਵੋਟਰ ਸਲਿਪ ਨੂੰ ਹੁਣ ਵੀ ਤਿਆਰ ਕੀਤਾ ਜਾਵੇਗਾ ਤਾਂ ਜੋ ਇਸ ਨੂੰ ਵੋਟਰਾਂ ਦੀ ਜਾਗਰੂਕਤਾ ਲਈ ਵਰਤੋਂ ਵਿੱਚ ਲਿਆ ਜਾ ਸਕੇ। ਉਨਾਂ ਸ਼ਪਸਟ ਕਰਦਿਆਂ ਦੱਸਿਆ ਕਿ ਵੋਟ ਪਾਉਣ ਲਈ ਕੇਵਲ ਫੋਟੋ ਵੋਟਰ ਸਲਿਪ ਸ਼ਨਾਖਤੀ ਕਾਰਡ ਵਜੋਂ ਪ੍ਰਵਾਨ ਨਹੀਂ ਕੀਤੀ ਜਾਵੇਗੀ।

NO COMMENTS