*ਵੇਰਕਾ ਉਤਪਾਦਾਂ ਦਾ ਵਧੇਗਾ ਦਾਇਰਾ, ਕੌਮੀ ਰਾਜਧਾਨੀ ਖੇਤਰ ਵਿੱਚ ਪੱਕਾ ਦਫਤਰ ਖੋਲ੍ਹਣ ਦੀ ਪ੍ਰਵਾਨਗੀ*

0
11

ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਅਤੇ ਸਹਿਕਾਰਤਾ ਲਹਿਰ ਨੂੰ ਹੁਲਾਰਾ ਦੇਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਲਕਫੈਡ ਦੇ ਵਿਸਥਾਰ ਦੀ ਯੋਜਨਾ ਤਿਆਰ ਕੀਤੀ ਗਈ ਹੈ। ਅੱਜ ਇਥੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੂਬੇ ਵਿੱਚ 625 ਨਵੇਂ ਮਿਲਕ ਬੂਥ ਖੋਲ੍ਹਣ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਵੇਰਕਾ ਉਤਪਾਦਾਂ ਦਾ ਦਾਇਰਾ ਵਧਾਉਣ ਲਈ ਪੱਕਾ ਦਫਤਰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ।

ਮੁੱਖ ਸਕੱਤਰ ਜੰਜੂਆ ਨੇ ਕਿਹਾ ਕਿ ਸਹਿਕਾਰੀ ਅਦਾਰਾ ਮਿਲਕਫੈਡ ਸਿੱਧੇ ਤੌਰ ਉਤੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਜਿਹੜਾ ਕਿਸਾਨਾਂ ਨੂੰ ਚੰਗੀ ਕੀਮਤ ਉਤੇ ਦੁੱਧ ਖਰੀਦ ਕੇ ਉਚ ਮਿਆਰ ਦੇ ਉਤਪਾਦ ਤਿਆਰ ਕਰਕੇ ਗਾਹਕਾਂ ਨੂੰ ਵਾਜਬ ਕੀਮਤਾਂ ਉਤੇ ਵੇਚਦਾ ਹੈ। ਵੇਰਕਾ ਉਤਪਾਦਾਂ ਦੀ ਵਧਦੀ ਮੰਗ ਨੂੰ ਦੇਖਦਿਆਂ ਪੰਜਾਬ ਵਿੱਚ ਕੁੱਲ 1000 ਨਵੇਂ ਬੂਥ ਖੋਲ੍ਹਣ ਦੀ ਯੋਜਨਾ ਹੈ ਜਿਸ ਵਿੱਚੋਂ ਪਹਿਲੇ ਪੜਾਅ ਵਿੱਚ 625 ਬੂਥ ਖੋਲ੍ਹਣ ਨੂੰ ਅੱਜ ਪ੍ਰਵਾਨਗੀ ਦਿੱਤੀ ਗਈ। ਇਹ ਜਗ੍ਹਾਂ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਅਧੀਨ ਆਉਂਦੀਆਂ ਹਨ ਜਿਸ ਲਈ ਸਾਰੇ ਪ੍ਰਬੰਧਕੀ ਸਕੱਤਰਾਂ ਨੂੰ ਬੂਥ ਅਲਾਟ ਕਰਨ ਲਈ ਆਖਿਆ ਗਿਆ ਹੈ। ਇਸ ਨਾਲ ਨੌਜਵਾਨਾਂ ਨੂੰ ਜਿੱਥੇ ਰੋਜ਼ਗਾਰ ਮਿਲੇਗਾ ਉਥੇ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਵੇਰਕਾ ਉਤਪਾਦ ਮਿਲਣਗੇ। ਉਨ੍ਹਾਂ ਮਿਲਕਫੈਡ ਅਧਿਕਾਰੀਆਂ ਨੂੰ ਦੂਜੇ ਪੜਾਅ ਵਿੱਚ ਬੂਥ ਖੋਲ੍ਹਣ ਲਈ ਅਜਿਹੀਆਂ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ ਜਿੱਥੇ ਲੋਕਾਂ ਦੀ ਭੀੜ ਅਤੇ ਮੰਗ ਜ਼ਿਆਦਾ ਹੋਵੇ। ਇਸ ਤੋਂ ਇਲਾਵਾ ਜ਼ੋਰ ਸ਼ੋਰ ਨਾਲ ਵੇਰਕਾਂ ਉਤਪਾਦਾਂ ਦੀ ਮਸ਼ਹੂਰੀ ਕਰਨ ਲਈ ਵੀ ਆਖਿਆ।

ਕੌਮੀ ਰਾਜਧਾਨੀ ਖੇਤਰ (ਨਵੀਂ ਦਿੱਲੀ-ਗੁੜਗਾਓਂ-ਨੋਇਡਾ) ਵਿਖੇ ਮਿਲਕਫੈਡ ਦਾ ਦਾਇਰਾ ਵਧਾਉਣ ਲਈ ਮੁੱਖ ਸਕੱਤਰ ਵੱਲੋਂ ਨਵੀਂ ਦਿੱਲੀ ਵਿਖੇ ਨਵਾਂ ਦਫਤਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਜਿਸ ਸਬੰਧੀ ਸਕੱਤਰ ਲੋਕ ਨਿਰਮਾਣ ਨੂੰ ਨਾਭਾ ਹਾਊਸ ਵਿਖੇ ਜਗ੍ਹਾਂ ਦੀ ਸ਼ਨਾਖਤ ਕਰਨ ਲਈ ਕਿਹਾ। ਜੰਜੂਆ ਨੇ ਦੱਸਿਆ ਕਿ ਸਾਲ 2021-22 ਵਿੱਚ ਪ੍ਰਤੀ ਦਿਨ 19.17 ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਗਈ ਅਤੇ ਪ੍ਰਤੀ ਦਿਨ 11.01 ਲੱਖ ਲੀਟਰ ਪੈਕਿੰਗ ਵਾਲਾ ਤਰਲ ਦੁੱਧ ਵੇਚਿਆ ਗਿਆ। ਮਿਲਕਫੈਡ ਵੱਲੋਂ ਆਉਂਦੇ ਪੰਜ ਸਾਲਾਂ (2026-27) ਤੱਕ ਪ੍ਰਤੀ ਦਿਨ 29 ਲੱਖ ਲੀਟਰ ਖਰੀਦ ਅਤੇ 18.50 ਲੱਖ ਲੀਟਰ ਪੈਕਿੰਗ ਵਾਲਾ ਤਰਲ ਦੁੱਧ ਵੇਚਣ ਦਾ ਟੀਚਾ ਮਿੱਥਿਆ ਗਿਆ ਹੈ।

ਸੂਬੇ ਵਿੱਚ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੀ ਮਿਲਾਵਟ ਰੋਕਣ ਲਈ ਚੈਕ ਕਰਨ ਵਾਲਿਆਂ ਮੋਬਾਈਲ ਵੈਨਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਮਿਲਵਾਟਖੋਰੀ ਖਿਲਾਫ ਮੁਹਿੰਮ ਨੂੰ ਜ਼ਮੀਨੀ ਪੱਧਰ ਉਤੇ ਹੋਰ ਮਜ਼ਬੂਤ ਕੀਤਾ ਜਾਵੇ। ਇਸੇ ਤਰ੍ਹਾਂ ਵੈਟਰਨਰੀ ਅਫਸਰਾਂ ਨੂੰ ਵੀ ਮਿਲਾਵਟਖੋਰੀ ਚੈਕ ਕਰਨ ਲਈ ਐਫ.ਐਸ.ਐਸ.ਏ.ਆਈ. ਕਾਨੂੰਨ ਤਹਿਤ ਦੁੱਧ, ਦੁੱਧ ਦੇ ਉਤਪਾਦਾਂ ਅਤੇ ਹੋਰ ਖਾਣ-ਪੀਣ ਵਾਲੇ ਉਤਪਾਦਾਂ ਦੇ ਸੈਂਪਲ ਲੈਣ ਲਈ ਅਧਿਕਾਰਤ ਕਰਨ ਉਤੇ ਵਿਚਾਰ ਕੀਤਾ ਗਿਆ।

NO COMMENTS