*ਵੁਆਇਸ ਆਫ਼ ਮਾਨਸਾ ਵੱਲ੍ਹੋਂ ਸਰਕਾਰ ਨੂੰ ਸੀਵਰੇਜ ਦੇ ਗੰਦੇ ਪਾਣੀ ਦੇ ਮਸਲੇ  ਦੇ ਹੱਲ ਲਈ 15 ਅਗਸਤ ਤੱਕ ਅਲਟੀਮੇਟਮ*

0
101

ਮਾਨਸਾ 15 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲ੍ਹੋਂ ਮਾਨਸਾ ਸ਼ਹਿਰ ਦੇ ਸੀਵਰੇਜ ਮਸਲੇ ਨੂੰ ਪੱਕੇ ਤੌਰ ‘ਤੇ ਹੱਲ ਕਰਨ ਦੇ ਦਾਅਵੇ ‘ਚ ਹੋ ਰਹੀ ਦੇਰੀ ‘ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਵੁਆਇਸ ਆਫ਼ ਮਾਨਸਾ ਨੇ ਇਕ ਮਹੀਨੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸੀਵਰੇਜ ਦੀ ਨਵੇਂ  ਸਿਰਿਉਂ ਜਲਦੀ ਕੋਈ ਯੋਜਨਾਬੰਦੀ ਨਹੀਂ ਬਣਾਈ ਤਾਂ ਉਹ ਮੁੜ ਤਿੱਖੇ ਸੰਘਰਸ਼ ਦੇ ਰਾਹ ਪੈਣਗੇ, ਜਿਸ ਦੇ ਪਹਿਲੇ ਪੜਾਅ ਦੌਰਾਨ ਸ਼ਹਿਰ ਦੀਆਂ ਵਪਾਰਕ, ਸਮਾਜਿਕ, ਭਰਾਤਰੀ ਜਥੇਬੰਦੀਆਂ ਨੂੰ ਲੈ ਕੇ 15 ਅਗਸਤ ਨੂੰ ਜਿਥੇ ਵੀ ਮੁੱਖ ਮੰਤਰੀ ਝੰਡਾ ਲਹਿਰਾਉਣਗੇ ਉਸ ਸਥਾਨ ‘ਤੇ ਸ਼ਹਿਰੀਆਂ ਵੱਲ੍ਹੋਂ ਰੋਸ ਦਰਜ਼ ਕਰਵਾਇਆ ਜਾਵੇਗਾ।

       ਸੰਸਥਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ ਅਤੇ ਸਾਰੇ ਹੀ ਹਾਜਰ ਅਹੁਦੇਦਾਰਾ ਅਤੇ ਮੈਬਰਾ ਨੇ ਭਰਵੀਂ ਮੀਟਿੰਗ ਵਿੱਚ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਮੌਕੇ ਉਨ੍ਹਾਂ ਵੱਲੋਂ ਚੱਲ ਰਹੇ ਲੜੀਵਾਰ ਧਰਨੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੁਆਇਸ ਆਫ਼ ਮਾਨਸਾ ਨਾਲ ਮੀਟਿੰਗ ਕਰਦਿਆਂ ਅਤੇ ਬਾਅਦ ਵਿੱਚ ਸ਼ਹਿਰੀਆਂ ਨਾਲ ਜਨਤਕ ਤੌਰ ‘ਤੇ ਇਸ ਮੀਟਿੰਗ ਦਾ ਜ਼ਿਕਰ ਕਰਦਿਆਂ ਸੀਵਰੇਜ ਦੇ ਪੱਕੇ ਹੱਲ ਦਾ ਜਨਤਕ ਤੌਰ ਤੇ ਭਰੋਸਾ ਦਿੱਤਾ ਸੀ,ਪਰ ਇਕ ਮਹੀਨੇ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੁਆਇਸ ਆਫ਼ ਮਾਨਸਾ ਦੀ ਮੀਟਿੰਗ ਨਹੀ ਬੁਲਾਈ ਜਿਸ ਕਾਰਨ ਸ਼ਹਿਰੀਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਸ਼ਹਿਰ ਦੇ ਜਨਤਕ, ਵਪਾਰਕ ਜਥੇਬੰਦੀਆਂ ਵੀ ਵੁਆਇਸ ਆਫ ਮਾਨਸਾ ਨੂੰ ਮੁੜ ਸੰਘਰਸ਼ ਲਈ ਜੋਰ ਦੇ ਰਹੀਆਂ ਹਨ।

ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਇਸ ਮੌਕੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਮਸਲੇ ਦਾ ਹੱਲ ਤਰਜੀਹੀ ਅਧਾਰ ਤੇ ਕੀਤਾ ਜਾਵੇ ਨਹੀਂ। ਉਹਨਾਂ ਇਹ ਵੀ ਕਿਹਾ ਕਿ ਮਾਨਸਾ ਸ਼ਹਿਰ ਦੀ ਸੀਵਰੇਜ਼ ਦੀ ਸਮੱਸਿਆ ਦੇ ਪੱਕੇ ਹੱਲ ਲਈ ਧਰਨਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਕਹਿਣ ਤੇ ਧਰਨਾ ਚੁੱਕਣ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਰੋਡ ਸ਼ੋਅ ਦੌਰਾਨ ਮਾਨਸਾ ਵਾਸੀਆਂ ਨਾਲ ਅਫਸਰਾਂ ਸਮੇਤ ਦੋਬਾਰਾ ਮੁਲਾਕਾਤ ਕਰਕੇ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ । ਪਰੰਤੂ ਬਹੁਤ ਸਮਾਂ ਬੀਤ ਜਾਣ ਤੇ ਵੀ ਸਮੱਸਿਆ ਪਹਿਲਾਂ ਨਾਲੋਂ ਬਦਤਰ ਹੋਣ ਕਾਰਨ ਮੀਂਹ ਦੇ ਚਲਦਿਆਂ ਥਾਂ ਥਾਂ ਤੇ ਪਾਣੀ ਭਰਨ ਕਰਕੇ ਬੀਮਾਰੀਆਂ ਦੇ ਫੈਲਣ ਦਾ ਡਰ ਵਧ ਰਿਹਾ ਹੈ ਅਤੇ ਸੀਵਰੇਜ ਸਮੇਤ ਸਿਹਤ ਮਹਿਕਮੇ ਵਲੋਂ ਵੀ ਬੀਮਾਰੀਆਂ ਰੋਕਣ ਲਈ ਕਾਰਵਾਈਆਂ ਸ਼ੁਰੂ ਕਰਨ ਦੀ ਸਖਤ ਲੋੜ ਹੈ। ਸੋਸ਼ਲਿਸਟ ਪਾਰਟੀ ਆਗੂਆਂ ਹਰਵਿੰਦਰ ਸਿੰਘ ਮਾਨਸ਼ਾਹੀਆ, ਬਲਰਾਜ ਨੰਗਲ ਨੇ  ਕਿਹਾ ਕਿ ਲੋਕ ਸੰਘਰਸ਼ ਲਈ ਅਫਸਰਸ਼ਾਹੀ ਦੀ ਢਿੱਲੀ ਚਾਲ ਹੀ ਮਾਨਸਾ ਵਾਸੀਆਂ ਨੂੰ ਮਜਬੂਰ ਕਰ ਰਹੀ ਹੈ। ਦਰਸ਼ਨ ਪਾਲ ਗਰਗ , ਓਮ ਪ੍ਰਕਾਸ਼ ਜਿੰਦਲ , ਸਰਬਜੀਤ ਕੌਸ਼ਲ ਵਲੋਂ ਮਾਨਸਾ ਸ਼ਹਿਰ ਵਿਚ ਪੀਣ ਦੇ ਪਾਣੀ ਵਿਚ ਵੀ ਸੀਵਰੇਜ ਦਾ ਪਾਣੀ ਰਲਣ ਦੀ ਸਮੱਸਿਆ ਦੇ ਹੱਲ ਦੀ ਵੀ ਮੰਗ ਕੀਤੀ। ਸੰਸਧਾ ਦੇ ਮੈਂਬਰ ਅੰਮ੍ਰਿਤਪਾਲ ਸਿੱਧੂ ਨੇ ਨਗਰ ਕੌਂਸਲ ਦੇ  ਵਿਚ ਚਲਦੇ ਘਪਲ਼ਿਆਂ ਬਾਰੇ ਨਿਖੇਧੀ ਮਤਾ ਪੇਸ਼ ਕੀਤਾ ਗਿਆ ਜਿਸ ਤੇ ਸਾਰੇ ਮੈਂਬਰਾਂ ਨੇ ਵਿਚਾਰ ਚਰਚਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਵਿਚ ਪੱਕੇ ਮੁਲਜਮਾਂ ਦੀ ਤੈਨਾਤੀ ਕਰਕੇ ਸਰਕਾਰ ਨੂੰ ਅਜਿਹੇ ਘਪਲੇ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਸਰਬਸੰਮਤੀ ਨਾਲ ਨਿਖੇਧੀ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੌਜੈਕਟ ਚੇਅਰਮੈਨ ਡਾ ਲ਼ਖਵਿੰਦਰ ਸਿੰਘ ਮੂਸਾ ਨੇ ਮਾਨਸਾ ਜਿਲ੍ਹੇ ਦੀ 32 ਵੀਂ ਵਰੇਗੰਢ ਦੇ ਸਬੰਧ ਵਿਚ ਪ੍ਰੋਗਰਾਮ ਸਾਰਾ ਚਾਲੂ ਰੱਖੇ ਜਾਣ ਦਾ ਵੀ ਐਲਾਨ ਕੀਤਾ ਤੇ ਮਾਨਸਾ ਵਾਸੀਆਂ ਦਾ ਹੁਣ ਤੱਕ ਦੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਧੰਨਵਾਦ ਵੀ ਕੀਤਾ । ਹਰਜੀਵਨ ਸਰਾਂ, ਰਮੇਸ਼ ਅੰਕੁਸ਼ ਲੈਬ ਸਰਬਜੀਤ ਕੋਸ਼ਲ ਅਤੇ ਸੰਜੀਵ ਸਿੰਗਲਾ ਨੇ ਸ਼ਹਿਰ ਵਿਚ ਖਾਲੀ ਪਈਆਂ ਥਾਵਾਂ ਤੇ ਰੁਖ ਲਗਾਉਣ ਦੀ ਮਗ ਕੀਤੀ ਜਿਸ ਉਪਰ ਵਿਚਾਰ ਚਰਚਾ ਵਿਚ ਭਾਗ ਲੈਂਦਿਆ ਮੁਸਲਮ ਆਗੂ ਹੰਸਰਾਜ ਮੋਫਰ ਨੇ ਮਾਨਸਾ ਖੁਰਦ ਨੂੰ ਮਾਡਲ ਪਿੰਡ ਵਜੋਂ ਅਪਣਾਉਣ ਦੀ ਸਲਾਹ ਦਿੱਤੀ ਜਿਸ ਉਪਰ ਹਾਮੀ ਭਰਦਿਆਂ ਹਰਿੰਦਰ ਮਾਨਸ਼ਾਹੀਆਂ ਨੇ ਪਿੰਡ ਨੂੰ ਗੁਲਮੋਹਰ ਪਿੰਡ ਵਜੋਂ ਵਿਕਸਤ ਕਰਨ ਦੀ ਯੋਜਨਾਬੰਦੀ ਦਾ ਖਾਕਾ ਪੇਸ਼ ਕੀਤਾ।  ਰਾਜ ਜੋਸ਼ੀ, ਦਰਸ਼ਨ ਸਿੰਘ , ਰਵਿੰਦਰ ਗਰਗ ਅਤੇ ਸੰਸਥਾ ਦੇ ਸਕੱਤਰ ਵਿਸ਼ਵਦੀਪ ਬਰਾੜ ਨੇ ਰੇਲਵੇ ਅੰਡਰ ਬਰਿੱਜ ਲਾਗੇ ਪਈ ਖਾਲੀ ਥਾਂ ਤੇ ਰੁੱਖ ਲਗਾਉਣ ਦੀ ਤਜ਼ਵੀਜ ਪੇਸ਼ ਕੀਤੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸੰਸਥਾ ਮੈਂਬਰਾਂ ਨੇ ਸਰਕਾਰ ਤੇ ਐਕਸਾਇਜ਼ ਮਹਿਕਮੇ ਤੋਂ  ਮੰਗ ਕੀਤੀ ਕਿ ਜਿਲ੍ਹੇ ਅੰਦਰ ਨਜ਼ਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਵੀ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕੋਈ ਹਾਦਸਾ  ਨਾ ਵਾਪਰੇ। ਸੀਨੀਅਰ ਸੀਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ ਅਤੇ ਨਰਿੰਦਰ ਸ਼ਰਮਾ  ਰਿਟਾਇਰ ਐਸ ਡੀ ਨੇ ਲੋਕਾਂ ਨੂੰ ਵੀ ਗਲੀਆਂ ਨਾਲੀਆਂ ਵਿਚ ਘੱਟ ਤੋਂ ਘੱਟ ਪਲਾਸਟਿਕ ਸੁੱਟਣ ਲਈ ਲੋਕ ਲਹਿਰ ਸ਼ੁਰੂ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸੀਵਰੇਜ਼ ਦੀ ਸਫਾਈ ਵਿਚ ਕਰਮਚਾਰੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਸ਼ਹਿਰੀਆਂ ਕਰਕੇ ਸੀਵਰੇਜ਼ ਬੰਦ ਨਾ ਹੋਵੇ। ਦਰਸ਼ਨਪਾਲ ਗਰਗ ਅਤੇ ਸ਼ਾਮ ਲਾਲ ਗੋਇਲ ਵਲੋਂ ਮਾਨਸਾ ਦਾ ਇੱਕ ਡਾਕਖਾਨਾ ਬੰਦ ਕੀਤੇ ਜਾਣ ਦੀ ਅਲੋਚਨਾ ਕੀਤੀ ਅਤੇ ਮਾਨਸਾ ਡਾਕਖਾਨੇ ਦੇ ਵਿਚ ਸਹੂਲਤਾਂ ਵਿਚ ਵਾਧਾ ਕਰਨ ਦੀ ਮੰਗ ਕੀਤੀ। ਇਸ ਮੌਕੇ ਮੇਜਰ ਸਿੰਘ, ਡਾ ਸ਼ੇਰ ਜੰਗ ਸਿੰਘ ਸਿੱਧੂ ,ਜਗਦੀਸ਼ ਜੋਗਾ, ਪ੍ਰੇਮ ਅੱਗਰਵਾਲ, ਜਗਸੀਰ ਸਿੰਘ, ਸੰਜੀਵ ਜਿੰਦਲ ਸਮੇਤ ਹੋਰ ਬਹੁਤ ਸਾਰੇ ਮੈਂਬਰਾਂ ਵਲੋਂ ਵੀ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

NO COMMENTS