*ਵਿੱਤੀ ਸੰਕਟ ਨਾਲ ਜੂਝਦੇ ਪੰਜਾਬ ਸਰਕਾਰ ਨੇ ਪਾਇਆ ਇੱਕ ਹੋਰ ਨਵਾਂ ਬੋਝ:  ਖੰਨਾ*

0
106

ਫਗਵਾੜਾ 12 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇੇ ਵਿੱਤੀ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਸਿਰ ਇੱਕ ਹੋਰ ਨਵਾਂ ਬੋਝ ਪਾ ਦਿੱਤਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਸਰਕਾਰ ਨੇ ਨਵੇਂ ਵਿੱਤੀ ਚੀਫ਼ ਸਲਾਹਕਾਰ ਅਰਵਿੰਦ ਮੋਦੀ ਅਤੇ ਸਲਾਹਕਾਰ ਸੈਬਾਸਟਿਨ ਜੇਮਜ਼ ਨੂੰ ਕੈਬਨਿਟ ਅਤੇ ਸੈਕਟਰੀ ਰੈਂਕ ਦੀਆਂ ਸਹੂਲਤਾਂ ਸੌਂਪ ਕੇ ਪੰਜਾਬ ਦੇ ਦਰਵਾਜ਼ੇ ਤੇ ਨਵੇਂ ਸਫ਼ੇਦ ਹਾਥੀ ਬੰਨ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਾਹਰੀ ਅਧਿਕਾਰੀਆਂ ਦੀ ਨਿਯੁਕਤੀ ਅਤੇ ਉਨ੍ਹਾਂ ‘ਤੇ ਹੋਣ ਵਾਲੇ ਖਰਚ ਪੰਜਾਬ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨਿਯੁਕਤੀਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਹਿੱਤ ਵਿੱਚ ਨੀਤੀ ਅਪਨਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਹੈ ਸ਼੍ਰੀ ਖੰਨਾ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਦਾਅਵਾ ਕੀਤਾ ਸੀ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਆਰਥਿਕ ਸਥਿਤੀ ਵਿੱਚ ਪੂਰੀ ਤਰ੍ਹਾਂ ਸੁਧਾਰ ਹੋ ਜਾਵੇਗਾ, ਜਦਕਿ ਉਨ੍ਹਾਂ ਦੀਆਂ ਹਦਾਇਤਾਂ ਤੇ ਪੰਜਾਬ ਸਿਰ ਨਵਾਂ ਆਰਥਿਕ ਬੋਝ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇੇ ਆਪਣੇ ਪੱਖ ਵਿੱਚ ਇਸ਼ਤਿਹਾਰਬਾਜ਼ੀ ਕਰਕੇ ਅਤੇ ਹਵਾਈ ਯਾਤਰਾਵਾਂ ਰਾਹੀਂ ਪਹਿਲਾਂ ਹੀ ਪੰਜਾਬ ਦੇ ਖਜਾਨੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੋਇਆ ਹੈ ਅਤੇ ਹੁਣ ਇੱਕ ਹੋਰ ਗਲਤ ਫੈਸਲਾ ਕਰਕੇ ਪੰਜਾਬ ਲਈ ਨਵਾਂ ਸੰਕਟ ਪੈਦਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਨਤਾ ਨੂੰ ਯਕੀਨ ਦਵਾਇਆ ਗਿਆ ਸੀ ਕਿ ਸੂਬੇ ਵਿਚੋਂ ਹੀ ਨਵੇਂ ਆਮਦਨੀ ਸਰੋਤ ਬਣਾਏ ਜਾਣਗੇ ਪਰ ਕਰਜੇ ਤੋਂ ਇਲਾਵਾ ਸਰਕਾਰ ਕੋਲ ਇੱਕ ਵੀ ਨਵਾਂ ਪੈਸਾ ਖਜਾਨੇ ਵਿਚ ਨਹੀਂ ਆ ਰਿਹਾ ਹੈ। ਉਨਾਂ ਕਿਹਾ ਕਿ ਆਪ ਆਗੂਆਂ ਦੇ ਸ਼ਰਾਬ ਨੀਤੀ ਬਿਜਲੀ ਅਤੇ ਮਾਈਨਿੰਗ ਤੋਂ ਕਰੋੜਾਂ ਦੀ ਕਮਾਈ ਨਾਲ ਪੰਜਾਬ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਦੇ ਦਾਅਵਿਆਂ ਦਾ ਉਨਾਂ ਕੋਲ ਕੋਈ ਜਵਾਬ ਹੈ

ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਇੱਕ ਵਾਇਟ ਪੇਪਰ ਜਾਰੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਟੈਕਸ ਮਾਮਲੇ ਵਿੱਚ ਪੰਜਾਬ ਦੇ ਬਣਦੇ ਹਿੱਸੇ ਵਜੋਂ ਬਣਦੀ 3220 ਕਰੋੜ ਰੁਪਏ ਦੀ ਰਾਸ਼ੀ ਅਦਾ ਕਰ ਦਿੱਤੀ ਹੈ, ਜਿਸ ਨੂੰ ਪੰਜਾਬ ਦੀ ਭਲਾਈ ਲਈ ਖ਼ਰਚ ਕੀਤਾ ਜਾਣਾ ਬਣਦਾ ਸੀ,ਪਰ ਕੇਜ਼ਰੀਵਾਲ ਦੇ ਇਸ਼ਾਰਿਆਂ ਤੇ ਪੰਜਾਬ ਦੇ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ

NO COMMENTS