*ਵਿਸ਼ਵ ਹੈਪੇਟਾਈਟਸ ਦਿਵਸ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ*

0
12

ਮਾਨਸਾ, 28 ਜੁਲਾਈ  (ਸਾਰਾ ਯਹਾਂ/ ਔਲਖ ) : ਵਿਸ਼ਵ ਸਿਹਤ ਸੰਗਠਨ ਵੱਲੋਂ 28 ਜੁਲਾਈ ਦਾ ਦਿਨ ਵਿਸ਼ਵ ਹੈਪੇਟਾਈਟਸ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਹੈਪੇਟਾਈਟਸ ਤੋਂ ਬਚਾਅ ਅਤੇ ਇਲਾਜ ਲਈ ਜਾਗਰੂਕਤਾ ਫੈਲਾਈ ਜਾਂਦੀ ਹੈ। ਇਸੇ ਤਹਿਤ ਅੱਜ ਸਿਵਲ ਸਰਜਨ ਮਾਨਸਾ ਡਾ ਹਰਿੰਦਰ ਕੁਮਾਰ ਸ਼ਰਮਾ ਅਤੇ ਖਿਆਲਾ ਕਲਾਂ ਡਾ ਹਰਚੰਦ ਸਿੰਘ ਐਸ ਐਮ ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੈਲਥ ਵੈਲਨੈਸ ਸੈਂਟਰ ਨੰਗਲ ਕਲਾਂ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਵੈਲਨੈਸ ਸੈਂਟਰ ਵਿਖੇ ਆਏ ਹੋਏ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ ਐਚ ਓ ਪ੍ਰਿਯੰਕਾ ਨੇ ਦਸਿਆ ਕਿ ਹੈਪੇਟਾਈਟਸ ਕਾਰਨ ਜੋ ਮੌਤਾਂ ਹੋ ਰਹੀਆਂ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਸਿਆ ਕਿ ਹੈਪੇਟਾਈਟਸ ਜਿਗਰ ਦੀ ਸੋਜ਼ਸ਼ ਹੁੰਦੀ ਹੈ ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ ਦਸਿਆ ਕਿ ਹੈਪੇਟਾਈਟਸ ਪੰਜ ਕਿਸਮ ਦਾ ਹੁੰਦਾ ਹੈ। ਇਸ ਦੇ ਮੁੱਖ ਕਾਰਨਾਂ ਵਿਚ ਦੂਸ਼ਿਤ ਪਾਣੀ ਪੀਣਾ ਜਾਂ ਦੂਸ਼ਿਤ ਖਾਣਾ ਖਾਣਾ, ਅਸੁਰੱਖਿਅਤ ਇੰਜੈਕਸ਼ਨ ਜਾਂ ਸਰਿੰਜਾਂ ਰਾਹੀਂ ਨਸ਼ਾ ਕਰਨਾ, ਅਸੁਰੱਖਿਅਤ ਸਰੀਰਕ ਸਬੰਧ, ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ, ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ ਆਦਿ ਸ਼ਾਮਲ ਹਨ। ਇਸ ਮੌਕੇ ਸਿਹਤ ਕਰਮੀ ਚਾਨਣ ਦੀਪ ਸਿੰਘ ਨੇ ਦਸਿਆ ਕਿ ਹੈਪੇਟਾਈਟਸ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਬਹੁਤ ਜ਼ਰੂਰੀ ਹੈ। ਇਸ ਤੋਂ ਬਚਣ ਲਈ ਹੱਥ ਚੰਗੀ ਤਰ੍ਹਾਂ ਧੋਵੋ, ਖਾਣੇ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ, ਪਾਣੀ ਉਬਾਲ ਕੇ ਪੀਉ, ਪਹਿਲਾਂ ਵਰਤੇ ਹੋਏ ਇੰਜੈਕਸ਼ਨ ਦੀ ਸੂਈ ਦੀ ਵਰਤੋਂ, ਕਿਸੇ ਹੋਰ ਦੇ ਰੇਜ਼ਰ ਜਾਂ ਬਲੇਡ ਦੀ ਵਰਤੋਂ ਨਾ ਕਰੋ, ਹਮੇਸ਼ਾ ਸੁਰੱਖਿਅਤ ਸਰੀਰਕ ਸਬੰਧ ਬਣਾਓ, ਜ਼ਰੂਰਤ ਪੈਣ ਤੇ ਸਿਰਫ਼ ਲਾਇੰਸਸਸ਼ੁਦਾ ਬਲੱਡ ਬੈਂਕ ਤੋਂ ਹੀ ਖੂਨ ਪ੍ਰਾਪਤ ਕਰੋ ਅਤੇ ਬੱਚੇ ਨੂੰ ਜਨਮ ਸਮੇਂ ਹੈਪੇਟਾਈਟਸ ਬੀ ਦਾ ਟੀਕਾ ਜ਼ਰੂਰ ਲਗਵਾਓ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਹਸਪਤਾਲਾਂ ਅਤੇ ਸਬ-ਡਵੀਜ਼ਨਲ ਹਸਪਤਾਲਾਂ ਵਿਚ ਹੈਪੇਟਾਈਟਸ ਬੀ ਅਤੇ ਸੀ ਜਿਸ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਇਸ ਮੌਕੇ ਰਮਨਦੀਪ ਕੌਰ ਏ ਐਨ ਐਮ, ਵੀਰਪਾਲ ਕੌਰ ਆਸ਼ਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਸ਼ੇਰ ਸਿੰਘ ਨੰਬਰਦਾਰ, ਅਮਰਨਾਥ, ਹਰਨਾਮ ਸਿੰਘ, ਜਗਰੂਪ ਸਿੰਘ, ਸਰਜੀਤ ਸਿੰਘ, ਮੱਖਣ ਲਾਲ, ਦਰਸ਼ਨ ਸਿੰਘ, ਲਾਲ ਸਿੰਘ, ਜੰਗ ਸਿੰਘ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਸੀਤਾ ਸਿੰਘ, ਹਰਦੀਪ ਕੌਰ, ਅਮਰੀਕ ਸਿੰਘ ਆਦਿ ਹਾਜ਼ਰ ਸਨ।

NO COMMENTS