ਵਿਸ਼ਵ ਮਲੇਰੀਆ ਦਿਵਸ ਮਨਾਇਆ

0
9

ਮਾਨਸਾ 25 ਅਪ੍ਰੈਲ (ਬਪਸ): ਸਿਹਤ ਵਿਭਾਗ ਸਰਦੂਲਗੜ੍ਹ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੋਹਣ ਲਾਲ ਅਰੋੜਾ ਦੀ ਯੋਗ ਅਗਵਾਈ ਹੇਠ ਅੱਜ ਵੱਖ-ਵੱਖ ਪਿੰਡਾਂ ਵਿਚ ਸਿਹਤ ਕਰਮਚਾਰੀਆਂ ਵੱਲੋਂ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ।ਇਸ ਮੌਕੇ ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਦੱਸਿਆ ਕਿ ਜਿੱਥੇ ਪੂਰਾ ਵਿਸ਼ਵ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੜ ਰਿਹਾ ਹੈ ਉਥੇ ਵਿਸ਼ਵ ਸਿਹਤ ਸੰਗਠਨ ਵੱਲੋਂ ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਵੀ ਲੋਕਾਂ ਨੂੰ ਵਿਸ਼ਵ ਮਲੇਰੀਆ ਦਿਵਸ ਦੌਰਾਨ ਜਾਗਰੂਕ ਕਰਨ ਤੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਆਉਣ ਵਾਲੇ ਸਮੇਂ ਦੌਰਾਨ ਮਲੇਰੀਆ ਅਤੇ ਡੇਂਗੂ ਦਾ ਵੀ ਖਤਰਾ ਵੱਧ ਸਕਦਾ ਹੈ।ਇਸ ਲਈ ਵੱਖ ਵੱਖ ਪਿੰਡਾਂ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਸਮਾਜਿਕ ਦੂਰੀ ਦਾ ਖਿਆਲ ਰੱਖ ਕੇ ਲੋਕਾਂ ਨੂੰ ਮਲੇਰੀਆ ਬਾਰੇ ਜਾਗਰੂਕ ਕੀਤਾ  ਗਿਆ।ਇਸ ਮੌਕੇ ਸਿਹਤ ਇੰਸਪੈਕਟਰ ਹੰਸ ਰਾਜ ਨੇ ਦੱਸਿਆ ਮਲੇਰੀਆ ਇੱਕ ਪਰਜੀਵੀ ਪਲਾਜਮੋਡੀਅਮ ਨਾਲ ਫੈਲਣ ਵਾਲਾ ਬੁਖਾਰ ਹੈ। ਜੋ ਕਿ ਮਾਦਾ ਐਨਾਫਲੀਜ਼ ਨਾਮਕ ਮੱਛਰ ਦੇ ਕੱਟਣ ਨਾਲ ਫੈਲਦਾ ਹੈ ।ਇਸ ਬੁਖ਼ਾਰ ਦੇ ਮੁੱਖ ਲੱਛਣ  ਸਿਰਦਰਦ , ਕਮਜ਼ੋਰੀ ਅਤੇ ਕਾਂਬੇ ਨਾਲ ਬੁਖ਼ਾਰ ਹੋਣਾ ਹੈ । ਜੇਕਰ ਕਿਸੇ ਵਿਅਕਤੀ ਨੂੰ ਵੀ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਆਪਣੇ ਖ਼ੂਨ ਦੀ ਜਾਂਚ ਸਰਕਾਰੀ ਹਸਪਤਾਲਾਂ ਵਿੱਚ ਆ ਕੇ ਕਰਵਾਉਣੀ ਚਾਹੀਦੀ ਹੈ ਜਾਂ ਆਪਣੇ ਨੇੜੇ ਦੇ ਸਿਹਤ ਕਰਮਚਾਰੀ ਨਾਲ ਸੰਪਰਕ ਕਰਨਾ ਚਾਹੀਦਾ ਹੈ । ਮਲੇਰੀਆ ਬੁਖਾਰ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਮੱਛਰ ਤੋਂ ਬਚਾਅ ਲਈ ਸਾਨੂੰ ਆਪਣੇ ਆਲੇ ਦੁਆਲੇ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ, ਪੂਰੀਆਂ ਬਾਹਾਂ ਵਾਲੇ ਕੱਪੜੇ ਪਾ ਕੇ ਰੱਖਣਾ , ਮੱਛਰਦਾਨੀ ਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ ਰਵਿੰਦਰ ਸਿੰਘ ਤੇ ਹੇਮਰਾਜ ਸ਼ਰਮਾ  ਆਦਿ ਹਾਜ਼ਰ ਸਨ।

NO COMMENTS